ਨਵੀਂ ਦਿੱਲੀ, 23 ਸਤੰਬਰ : ਪਿਛਲੇ ਦਿਨਾਂ ਤੋਂ ਭਾਰਤ ਅਤੇ ਕੈਨੇਡਾ ‘ਚ ਚੱਲ ਰਹੇ ਟਕਰਾਅ ਦੇ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੈਨੇਡਾ ਸਰਕਾਰ ਨਾਲ ਚੰਗੇ ਸਬੰਧ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਕੈਨੇਡਾ ‘ਚ ਰਹਿੰਦੇ ਲੋਕਾਂ ਵਿੱਚ ਵਧਦੀ ਦਹਿਸ਼ਤ ਤੋਂ ਰੋਕਿਆ ਜਾ ਸਕੇ। ਸੁਖਬੀਰ ਸਿੰਘ ਬਾਦਲ ਨੇ ਇਸ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਇਸ ਮਸਲੇ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ। ਮੁਲਾਕਾਤ ਸਬੰਧੀ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ "ਸਮੁੱਚੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਮੈਂ ਕੈਨੇਡਾ ਸਰਕਾਰ ਅਤੇ ਖਾਸ ਤੌਰ 'ਤੇ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇਸ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਲੋੜ ਹੈ ਕਿਉਂਕਿ ਜ਼ਿਆਦਾ ਦੇਰੀ ਦਾ ਮਤਲਬ ਹੋਰ ਤਣਾਅ ਅਤੇ ਘਬਰਾਹਟ ਹੈ।" ਉਨ੍ਹਾਂ ਅੱਗੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਹਾਲ ਹੀ ਵਿੱਚ ਵਾਪਰੀਆਂ ਘਟਨਾਵਾਂ ਕਾਰਨ ਕੈਨੇਡਾ ਵਿੱਚ ਰਹਿੰਦੇ ਲੋਕਾਂ ਵਿੱਚ ਦਹਿਸ਼ਤ ਵਰਗੀ ਸਥਿਤੀ ਪੈਦਾ ਹੋ ਰਹੀ ਹੈ। ਉਨ੍ਹਾਂ ਅੱਗੇ ਕਿਹਾ, "ਭਾਰਤ ਅਤੇ ਕੈਨੇਡਾ ਵਿਚਾਲੇ ਮੌਜੂਦਾ ਸਥਿਤੀ ਦਾ ਹੁਣ ਕੈਨੇਡਾ 'ਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ 'ਤੇ ਅਸਰ ਪੈ ਰਿਹਾ ਹੈ... ਲੋਕਾਂ 'ਚ ਦਹਿਸ਼ਤ ਵਰਗੀ ਸਥਿਤੀ ਪੈਦਾ ਹੋ ਰਹੀ ਹੈ। ਭਾਰਤ ਸਰਕਾਰ ਨੂੰ ਇਸ ਦਾ ਜਲਦੀ ਹੱਲ ਕੱਢਣਾ ਚਾਹੀਦਾ ਹੈ। ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਸ ਦੀ ਮੰਗ ਕੀਤੀ ਹੈ। ” ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਇਸ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਹਾਲ ਹੀ ਦੇ ਵਿਕਾਸ 'ਤੇ ਭਾਰੀ ਪ੍ਰਤੀਕਿਰਿਆਵਾਂ ਆਉਣਗੀਆਂ। ਉਨ੍ਹਾਂ ਕਿਹਾ ਕਿ "ਭਾਰਤ ਦੇ ਬਹੁਤ ਸਾਰੇ ਵਿਦਿਆਰਥੀ ਜੋ ਕੈਨੇਡਾ ਵਿੱਚ ਪੜ੍ਹ ਰਹੇ ਹਨ, ਚਿੰਤਾ ਵਿੱਚ ਹਨ ਕਿ ਜੇਕਰ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਤਾਂ ਕੀ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਈ ਵਿਦਿਆਰਥੀਆਂ ਦੇ ਫੋਨ ਆਏ ਹਨ, ਕਿ ਕੈਨੇਡਾ ਵਿੱਚ ਉਨ੍ਹਾਂ ਦੀ ਪੜ੍ਹਾਈ ਦਾ ਕੀ ਹੋਵੇਗਾ। ਇਹ ਦਹਿਸ਼ਤ ਵਧਦੀ ਜਾ ਰਹੀ ਹੈ।