ਬਰੇਲੀ, 27 ਜੂਨ : ਬਰੇਲੀ-ਦਿੱਲੀ ਹਾਈਵੇ ‘ਤੇ ਫਤਿਹਗੰਜ ਵੈਸਟ ਟੋਲ ਪਲਾਜ਼ਾ ਨੇੜੇ ਇਕ ਤੇਜ਼ ਰਫਤਾਰ ਕੈਂਟਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਵਾਪਰੇ ਭਿਆਨਕ ਹਾਦਸੇ ਵਿੱਚ ਕਾਰ ‘ਚ ਸਵਾਰ ਵਿਅਕਤੀ ਅਤੇ ਉਸ ਦੇ ਦੋ ਪੁੱਤਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਰਮਜੀਤ ਸਿੰਘ (45), ਉਸਦੇ ਦੋ ਪੁੱਤਰਾਂ ਸਰਵਜੀਤ ਸਿੰਘ (14) ਅਤੇ ਅੰਸ਼ ਸਿੰਘ (12) ਵਾਸੀ ਪਟਿਆਲਾ ਵੱਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਹੈ। ਲਾਸ਼ਾਂ ਨੂੰ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਆਪਣੇ ਪਰਿਵਾਰ ਸਮੇਤ ਦੋ ਦਿਨ ਪਹਿਲਾਂ ਸਤਵੰਤ ਸਿੰਘ ਚੱਢਾ ਦੀ ਭਤੀਜੀ ਅਮਨਦੀਪ ਕੌਰ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਬਰੇਲੀ ਆਇਆ ਸੀ। ਸੋਮਵਾਰ ਦੇਰ ਰਾਤ ਪਰਮਜੀਤ ਆਪਣੀ ਕਾਰ ਵਿੱਚ ਪਰਿਵਾਰ ਸਮੇਤ ਵਾਪਸ ਪਟਿਆਲਾ ਜਾ ਰਿਹਾ ਸੀ। ਉਸ ਨੇ ਫਤਿਹਗੰਜ ਵੈਸਟ ਵਿੱਚ ਟੋਲ ਪਲਾਜ਼ਾ ਤੋਂ 500 ਮੀਟਰ ਪਹਿਲਾਂ ਕਾਰ ਰੋਕ ਦਿੱਤੀ। ਤਿੰਨੋਂ ਲੋਕ ਫਾਸਟੈਗ ਰੀਚਾਰਜ ਕਰਵਾਉਣ ਲਈ ਕਾਰ ਤੋਂ ਹੇਠਾਂ ਉਤਰ ਰਹੇ ਸਨ। ਇਸੇ ਦੌਰਾਨ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਪਰਮਜੀਤ ਅਤੇ ਉਸ ਦੇ ਦੋ ਪੁੱਤਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਹਾਦਸੇ ਤੋਂ ਬਾਅਦ ਕੈਂਟਰ ਟੋਏ ਵਿੱਚ ਪਲਟ ਗਿਆ। ਉਸ ਦਾ ਡਰਾਈਵਰ ਫਰਾਰ ਹੋ ਗਿਆ। ਪੁਲਿਸ ਨੇ ਕੈਂਟਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।