ਨੂਹ, 1 ਅਗਸਤ : ਹਰਿਆਣਾ ਦੇ ਨੂਹ 'ਚ ਸ਼ੋਭਾ ਯਾਤਰਾ 'ਤੇ ਪਥਰਾਅ ਤੋਂ ਬਾਅਦ ਤਣਾਅ ਦਾ ਮਾਹੌਲ ਹੈ। ਘਟਨਾ ਤੋਂ ਬਾਅਦ ਸੋਮਵਾਰ ਨੂੰ ਭੜਕੀ ਹਿੰਸਾ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ ਦੋ ਹੋਮਗਾਰਡ ਹਨ। ਕੱਲ੍ਹ ਤੋਂ ਪੂਰੇ ਇਲਾਕੇ ਵਿਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਸਾਵਧਾਨੀ ਦੇ ਤੌਰ 'ਤੇ ਮੰਗਲਵਾਰ ਨੂੰ ਗੁਰੂਗ੍ਰਾਮ, ਫਰੀਦਾਬਾਦ ਅਤੇ ਪਲਵਲ ਜ਼ਿਲ੍ਹਿਆਂ 'ਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਨੂਹ ਵਿਚ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਪ੍ਰੀਖਿਆਵਾਂ 1 ਅਤੇ 2 ਅਗਸਤ ਨੂੰ ਹੋਣੀਆਂ ਸਨ। ਹਰਿਆਣਾ ਸਰਕਾਰ ਦੇ ਮੰਤਰੀ ਅਨਿਲ ਵਿਜ ਨੇ ਕਿਹਾ, “ਨੂਹ ਵਿਚ ਸਥਿਤੀ ਕਾਬੂ 'ਚ ਹੈ। ਇੰਟਰਨੈੱਟ ਬੰਦ ਹੈ ਅਤੇ ਕਰਫਿਊ ਲਗਾ ਦਿੱਤਾ ਗਿਆ ਹੈ। ਅਸੀਂ ਨੂਹ ਵਿੱਚ ਲੋੜੀਂਦੀ ਪੁਲਿਸ ਫੋਰਸ ਤਾਇਨਾਤ ਕੀਤੀ ਹੈ। ਅਸੀਂ ਹਵਾਈ ਸੈਨਾ ਨੂੰ ਬੇਨਤੀ ਕੀਤੀ ਹੈ ਕਿ ਜੇ ਵਧੇਰੇ ਸੁਰੱਖਿਆ ਲਈ ਹਵਾਈ ਸਹਾਇਤਾ ਦੀ ਲੋੜ ਹੈ ਤਾਂ ਉਹ ਤਿਆਰ ਰਹਿਣ। ਸੋਮਵਾਰ ਦੀ ਹਿੰਸਾ ਸੋਹਨਾ, ਰੇਵਾੜੀ, ਗੁੜਗਾਓਂ, ਪਲਵਲ ਅਤੇ ਫਰੀਦਾਬਾਦ ਤੱਕ ਫੈਲ ਗਈ। ਇਸ ਦੇ ਮੱਦੇਨਜ਼ਰ 5 ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਮੇਵਾਤ 'ਚ ਕਰਫਿਊ ਲਗਾ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਹਿੰਸਾ ਦੀ ਸ਼ੁਰੂਆਤ ਇਕ ਧਾਰਮਿਕ ਜਲੂਸ ਦੌਰਾਨ ਹੋਈ ਜਦੋਂ ਭੀੜ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਲੂਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਦੋ ਗੁੱਟਾਂ ਵਿਚਕਾਰ ਝੜਪ ਹੋਈ ਅਤੇ ਫਿਰ ਪੱਥਰਬਾਜ਼ੀ ਹੋਈ। ਕਾਰਾਂ ਨੂੰ ਅੱਗ ਲਗਾ ਦਿੱਤੀ ਗਈ। ਨੂਹ ਵਿੱਚ ਹਿੰਸਾ ਦੀ ਖ਼ਬਰ ਫੈਲਦਿਆਂ ਹੀ ਸੋਹਨਾ ਰੋਡ ਨੇੜੇ ਦੋ ਭਾਈਚਾਰਿਆਂ ਦੇ ਪ੍ਰਦਰਸ਼ਨਕਾਰੀ ਆਪਸ ਵਿੱਚ ਭਿੜ ਗਏ, ਜਿਸ ਕਾਰਨ ਕਈ ਵਾਹਨ ਨੁਕਸਾਨੇ ਗਏ। ਪ੍ਰਦਰਸ਼ਨਕਾਰੀਆਂ ਨੇ ਕਈ ਘੰਟੇ ਸੜਕ ਜਾਮ ਵੀ ਕੀਤੀ।
ਨੂਹ ਹਿੰਸਾ ਵਿੱਚ ਹੁਣ ਤੱਕ 5 ਲੋਕਾਂ ਦੀ ਮੌਤ, 15 ਤੋਂ ਵੱਧ ਲੋਕ ਜ਼ਖ਼ਮੀ : ਮੁੱਖ ਮੰਤਰੀ ਖੱਟਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਉੱਚ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਅਤੇ ਨੂਹ ਵਿੱਚ ਸਥਿਤੀ ਦਾ ਜਾਇਜ਼ਾ ਲਿਆ। ਇਸ ਬੈਠਕ 'ਚ ਗ੍ਰਹਿ ਮੰਤਰੀ ਅਨਿਲ ਵਿਜ ਅਤੇ ਪੁਲਸ ਅਤੇ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਮੌਜੂਦ ਸਨ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸਮੇਂ ਨੂਹ ਸਮੇਤ ਹਰ ਪਾਸੇ ਸਥਿਤੀ ਆਮ ਵਾਂਗ ਹੈ। ਇਸ ਹਿੰਸਾ ਵਿੱਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਦੋ ਹੋਮਗਾਰਡ ਜਵਾਨ ਅਤੇ ਤਿੰਨ ਆਮ ਲੋਕ ਸ਼ਾਮਲ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਪਥਰਾਅ ਅਤੇ ਹਿੰਸਾ ਵਿੱਚ 15 ਤੋਂ ਵੱਧ ਲੋਕ ਜ਼ਖ਼ਮੀ ਵੀ ਹੋਏ ਹਨ। ਇਸ ਘਟਨਾ ਪਿੱਛੇ ਸੋਚੀ ਸਮਝੀ ਸਾਜ਼ਿਸ਼ ਹੋਣ ਦਾ ਅੰਦਾਜ਼ਾ ਲਗਾਉਂਦੇ ਹੋਏ ਮੁੱਖ ਮੰਤਰੀ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ।
ਗੁਰੂਗ੍ਰਾਮ ਅਤੇ ਫਰੀਦਾਬਾਦ ਦੇ ਇਲਾਕਿਆਂ 'ਚ ਸਥਿਤੀ ਤਣਾਅਪੂਰਨ
ਹਰਿਆਣਾ ਦੇ ਨੂਹ ਵਿੱਚ ਹੋਈ ਹਿੰਸਾ ਤੋਂ ਬਾਅਦ ਇਸ ਦੀ ਅੱਗ ਆਸਪਾਸ ਦੇ ਇਲਾਕਿਆਂ ਵਿੱਚ ਵੀ ਫੈਲ ਗਈ ਹੈ। ਮੰਗਲਵਾਰ ਨੂੰ ਕੁਝ ਬਦਮਾਸ਼ਾਂ ਨੇ ਗੁਰੂਗ੍ਰਾਮ ਦੇ ਬਾਦਸ਼ਾਹਪੁਰ 'ਚ ਕਬਾੜ ਦੀਆਂ ਕੁਝ ਦੁਕਾਨਾਂ ਨੂੰ ਅੱਗ ਲਗਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ। ਬਾਦਸ਼ਾਹਪੁਰ ਦੇ ਐਸਡੀਐਮ ਸਤੀਸ਼ ਯਾਦਵ, ਏਸੀਪੀ ਸੁਰੇਸ਼ ਕੁਮਾਰ, ਏਸੀਪੀ ਵਿਪਿਨ ਅਹਲਾਵਤ ਅਤੇ ਏਸੀਪੀ ਮਨੋਜ ਕੁਮਾਰ ਦੀ ਅਗਵਾਈ ਵਿੱਚ ਆਸਪਾਸ ਦੇ ਇਲਾਕੇ ਵਿੱਚ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਕਰੈਪ ਦੀ ਦੁਕਾਨ ਨੂੰ ਅੱਗ ਲਾਉਣ ਵਾਲੀ ਭੀੜ ਨੇ ਪਹਿਲਾਂ ਬਾਦਸ਼ਾਹਪੁਰ ਬਾਜ਼ਾਰ 'ਚ ਦੁਕਾਨਾਂ ਦੀ ਭੰਨਤੋੜ ਕੀਤੀ। ਪਿੱਛਾ ਕਰਨ ਤੋਂ ਬਾਅਦ ਬਾਦਸ਼ਾਹਪੁਰ ਮਸਜਿਦ ਨੇੜੇ ਵੀ ਹੰਗਾਮਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੋਮਵਾਰ ਨੂੰ ਨੂਹ 'ਚ ਬ੍ਰਿਜਮੰਡਲ ਜਲਾਭਿਸ਼ੇਕ ਯਾਤਰਾ ਕੱਢੀ ਗਈ ਸੀ, ਜਿਸ 'ਤੇ ਕੁਝ ਲੋਕਾਂ ਨੇ ਅਚਾਨਕ ਹਮਲਾ ਕਰ ਦਿੱਤਾ। ਦਖਲ ਦੇਣ ਆਈ ਪੁਲਿਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਅਤੇ ਉਥੇ ਜਾਣ ਵਾਲੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ। ਫਿਲਹਾਲ ਨੂਹ ਜ਼ਿਲੇ 'ਚ ਪੁਲਸ ਦੀ ਭਾਰੀ ਮੌਜੂਦਗੀ ਹੈ। ਕੇਂਦਰੀ ਅਰਧ ਸੈਨਿਕ ਬਲਾਂ ਦੀਆਂ 20 ਕੰਪਨੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਨੂਹ 'ਚ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਕੁਝ ਥਾਵਾਂ 'ਤੇ ਧਾਰਾ 144 ਵੀ ਲਗਾਈ ਗਈ ਹੈ। ਨਾਲ ਹੀ ਬੁੱਧਵਾਰ ਤੱਕ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ, ਪੁਲਿਸ ਨੇ ਹੁਣ ਨੂਹ ਹਿੰਸਾ ਦੇ ਦੋਸ਼ੀਆਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਲਗਭਗ 44 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 70 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਦੇ ਜ਼ਰੀਏ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਤੱਕ ਦਰਜ ਕੇਸਾਂ ਵਿੱਚ 200 ਤੋਂ ਵੱਧ ਲੋਕਾਂ ਨੂੰ ਮੁਲਜ਼ਮ ਬਣਾਇਆ ਜਾ ਚੁੱਕਾ ਹੈ। ਨੂਹ ਵਿੱਚ 2 ਅਗਸਤ ਤੱਕ ਇੰਟਰਨੈੱਟ ਸੇਵਾਵਾਂ ਮੁਅੱਤਲ ਕਰਨ ਅਤੇ ਧਾਰਾ-144 ਲਾਗੂ ਕਰਨ ਦੇ ਨਾਲ ਜ਼ਿਲ੍ਹੇ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਫਿਲਹਾਲ ਨੂਹ ਸਮੇਤ ਗੁਰੂਗ੍ਰਾਮ ਅਤੇ ਫਰੀਦਾਬਾਦ ਦੇ ਇਲਾਕਿਆਂ 'ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ।