ਨਵੀਂ ਦਿੱਲੀ, 23 ਜੁਲਾਈ 2024 : ਭਾਜਪਾ ਨੇਤਾ ਮੋਦੀ 3.0 ਦੇ ਪਹਿਲੇ ਬਜਟ ਦੀ ਤਾਰੀਫ ਕਰ ਰਹੇ ਹਨ। ਇਸ ਦੇ ਨਾਲ ਹੀ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਇਸ ਬਜਟ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਇਸ ਨੂੰ 'ਕੁਰਸੀ ਬਚਾਓ' ਬਜਟ ਕਿਹਾ ਹੈ। ਰਾਹੁਲ ਗਾਂਧੀ ਨੇ ਇਸ ਬਜਟ ਨੂੰ ਆਪਣੇ ਸਹਿਯੋਗੀਆਂ ਨੂੰ ਖੁਸ਼ ਕਰਨ ਵਾਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਹੋਰਨਾਂ ਸੂਬਿਆਂ ਦੀ ਕੀਮਤ 'ਤੇ ਉਨ੍ਹਾਂ ਨਾਲ ਖੋਖਲੇ ਵਾਅਦੇ ਕੀਤੇ ਗਏ ਸਨ। ਰਾਹੁਲ ਨੇ ਕਿਹਾ, ਇਹ ਬਜਟ ਆਪਣੇ ਮਿੱਤਰਾਂ ਨੂੰ ਖੁਸ਼ ਕਰਨ ਲਈ ਲਿਆਂਦਾ ਗਿਆ ਹੈ। ਇਸ ਨਾਲ AA (ਅਡਾਨੀ-ਅੰਬਾਨੀ) ਨੂੰ ਫਾਇਦਾ ਹੋਵੇਗਾ ਪਰ ਆਮ ਭਾਰਤੀਆਂ ਨੂੰ ਕੋਈ ਰਾਹਤ ਨਹੀਂ ਮਿਲੇਗੀ। ਇੰਨਾ ਹੀ ਨਹੀਂ ਰਾਹੁਲ ਗਾਂਧੀ ਨੇ ਇਸ ਬਜਟ ਨੂੰ ਕਾਪੀ ਪੇਸਟ ਕਰਾਰ ਦਿੱਤਾ ਹੈ। ਰਾਹੁਲ ਨੇ ਦਾਅਵਾ ਕੀਤਾ ਕਿ ਬਜਟ ਕਾਂਗਰਸ ਦੇ ਚੋਣ ਮਨੋਰਥ ਪੱਤਰ ਅਤੇ ਪਿਛਲੇ ਬਜਟ ਦੀ ਕਾਪੀ ਕੀਤਾ ਗਿਆ ਹੈ। ਦੂਜੇ ਪਾਸੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਇਸ ਨੂੰ ਕਾਪੀ-ਪੇਸਟ ਬਜਟ ਦੱਸਿਆ ਹੈ। ਖੜਗੇ ਨੇ ਟਵੀਟ ਕਰਕੇ ਕਿਹਾ, ਕਾਂਗਰਸ ਦੇ ਇਨਸਾਫ਼ ਦੇ ਏਜੰਡੇ ਨੂੰ ਸਹੀ ਤਰ੍ਹਾਂ ਨਾਲ ਕਾਪੀ ਵੀ ਨਹੀਂ ਕਰ ਸਕਿਆ ਮੋਦੀ ਸਰਕਾਰ ਦਾ ਨਕਲੀ ਬਜਟ। ਮੋਦੀ ਸਰਕਾਰ ਦਾ ਬਜਟ ਆਪਣੇ ਗਠਜੋੜ ਦੇ ਭਾਈਵਾਲਾਂ ਨੂੰ ਠੱਗਣ ਲਈ ਅੱਧੀਆਂ ਅਧੂਰੀਆਂ ਰਿਓੜੀਆਂ ਵੰਡ ਰਿਹਾ ਹੈ ਤਾਂ ਜੋ NDA ਬਚੀ ਰਹੇ। ਇਹ ਦੇਸ਼ ਦੀ ਤਰੱਕੀ ਲਈ ਨਹੀਂ ਸਗੋਂ ਮੋਦੀ ਸਰਕਾਰ ਬਚਾਓ ਬਜਟ ਹੈ।