ਗੁਜਰਾਤ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨ ਲਈ ਗੁਜਰਾਤ ਦੌਰੇ ‘ਤੇ ਹਨ, ਜੋ ਕੱਲ੍ਹ ਪੂਰਾ ਹੋ ਰਿਹਾ ਹੈ। ਉਹ ਭਲਕੇ ਮੋਰਬੀ ਜਾਣਗੇ ਅਤੇ ਪੁਲ ਹਾਦਸੇ ਵਿੱਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਮਿਲਣਗੇ। ਪੀਐਮ ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀਆਂ ਨਾਲ ਵੀ ਮੁਲਾਕਾਤ ਕਰਨਗੇ। ਐਤਵਾਰ ਸ਼ਾਮ ਨੂੰ ਵਾਪਰੇ ਇਸ ਦਰਦਨਾਕ ਹਾਦਸੇ ‘ਚ 134 ਲੋਕਾਂ ਦੀ ਮੌਤ ਹੋ ਗਈ ਹੈ ਅਤੇ 20 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਮੋਰਬੀ ਦੇ ਸਿਵਲ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਕਰੀਬ 200 ਲੋਕਾਂ ਨੂੰ ਬਚਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਸਟੈਚੂ ਆਫ ਯੂਨਿਟੀ ਨੇੜੇ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ ‘ਤੇ ਆਪਣੇ ਸੰਬੋਧਨ ‘ਚ ਮੋਰਬੀ ਪੁਲ ਹਾਦਸੇ ਦਾ ਜ਼ਿਕਰ ਕਰਕੇ ਭਾਵੁਕ ਹੋ ਗਏ। ਮੋਦੀ ਨੇ ਬਸਤੀਵਾਦੀ ਯੁੱਗ ਦੇ ਪੈਦਲ ਚੱਲਣ ਵਾਲੇ ਪੁਲ ਦੇ ਢਹਿ ਜਾਣ ‘ਤੇ “ਦੁਖ” ਜ਼ਾਹਰ ਕੀਤਾ ਅਤੇ ਹਾਦਸੇ ਵਿੱਚ ਜਾਨਾਂ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ।