ਬਾਲਾਸੋਰ, 02 ਜੂਨ : ਉੜੀਸਾ ਦੇ ਬਾਲਾਸੋਰ ਦੇ ਬਹਿਨਾਗਾ ਸਟੇਸ਼ਨ ਨੇੜੇ ਕੋਰੋਮੰਡਲ ਐਕਸਪ੍ਰੈਸ ਅਤੇ ਮਾਲ ਗੱਡੀ ਆਪਸ ਵਿੱਚ ਟਕਰਾ ਗਈ। ਖੋਜ ਅਤੇ ਬਚਾਅ ਕਾਰਜ ਲਈ ਟੀਮਾਂ ਮੌਕੇ ‘ਤੇ ਰਵਾਨਾ ਹੋ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਕੋਰੋਮੰਡਲ ਐਕਸਪ੍ਰੈਸ 12841 ਦੀਆਂ ਪੰਜ ਬੋਗੀਆਂ ਯਸ਼ਵੰਤਪੁਰ ਐਕਸਪ੍ਰੈਸ ਦੇ ਪਟੜੀ ਤੋਂ ਉਤਰ ਜਾਣ ਕਾਰਨ ਕਈ ਲੋਕਾਂ ਦੀ ਮੌਤ ਦਾ ਖਦਸ਼ਾ ਹੈ। ਹਾਦਸਾ ਸ਼ਾਮ 7:20 ਵਜੇ ਵਾਪਰਿਆ ਜਦੋਂ ਰੇਲਗੱਡੀ ਕੋਲਕਾਤਾ ਦੇ ਸ਼ਾਲੀਮਾਰ ਸਟੇਸ਼ਨ ਤੋਂ ਚੇਨਈ ਸੈਂਟਰਲ ਸਟੇਸ਼ਨ ਵਲ ਜਾ ਰਹੀ ਸੀ। ਅਜਿਹਾ ਦਸਿਆ ਜਾ ਰਿਹਾ ਹੈ ਕਿ ਸਿਗਨਲ ਫ਼ੇਲ੍ਹ ਹੋਣ ਕਰਕੇ ਦੋਵੇਂ ਰੇਲ ਗੱਡੀਆਂ ਇਕ ਹੀ ਲਾਈਨ ’ਤੇ ਆ ਗਈਆਂ ਜਿਸ ਕਾਰਨ ਹਾਦਸਾ ਵਾਪਰਿਆ। ਪੀ.ਟੀ.ਆਈ. ਵਲੋਂ ਜਾਰੀ ਜਾਣਕਾਰੀ ਅਨੁਸਾਰ ਖ਼ਬਰ ਲਿਖੇ ਜਾਣ ਤਕ 50 ਵਿਅਕਤੀਆਂ ਦੀ ਮੌਤ ਹੋਣ ਅਤੇ ਲਗਭਗ 200 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਵਿਸ਼ੇਸ਼ ਰਾਹਤ ਕਮਿਸ਼ਨਰ ਦੇ ਦਫ਼ਤਰ ਨੇ ਕਿਹਾ ਕਿ ਹਾਦਸੇ ਵਾਲੀ ਥਾਂ ਵਲ ਰਾਹਤ ਟੀਮਾਂ ਨੂੰ ਭੇਜ ਦਿਤਾ ਗਿਆ ਹੈ। ਬਾਲਾਸੋਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਵੀ ਹਾਦਸੇ ਵਾਲੀ ਥਾਂ ਪਹੁੰਚ ਕੇ ਜ਼ਰੂਰੀ ਇੰਤਜ਼ਾਮ ਕਰਨ ਦਾ ਹੁਕਮ ਦਿਤਾ ਗਿਆ। ਜਦਕਿ ਦੱਖਣ ਪੂਰਬੀ ਰੇਲਵੇ ਨੇ ਕਿਹਾ ਕਿ ਰਾਹਤ ਰੇਲਗੱਡੀਆਂ ਨੂੰ ਹਾਦਸੇ ਵਾਲੀ ਥਾਂ ਭੇਜ ਦਿਤਾ ਗਿਆ ਹੈ। ਲੀਹੋਂ ਲੱਥੇ ਰੇਲਗੱਡੀ ਦੇ ਡੱਬਿਆਂ ’ਚ ਕਈ ਯਾਤਰੀ ਫਸ ਗਏ ਜਿਨ੍ਹਾਂ ਦੀ ਜਾਨ ਬਚਾਉਣ ਲਈ ਵੱਡੀ ਗਿਣਤੀ ’ਚ ਸਥਾਨਕ ਲੋਕਾਂ ਨੇ ਮਦਦ ਕੀਤੀ। ਹਾਦਸਾ ਏਨਾ ਭਿਆਨਕ ਸੀ ਕਿ ਕੋਰੋਮੰਡਲ ਐਕਸਪ੍ਰੈੱਸ ਦਾ ਇੰਜਣ ਮਾਲਗੱਡੀ ’ਤੇ ਹੀ ਚੜ੍ਹ ਗਿਆ। ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਾਦਸੇ ਦੀ ਖ਼ਬਰ ਮਿਲਣ ’ਤੇ ਸਦਮੇ ਦਾ ਪ੍ਰਗਟਾਵਾ ਕੀਤਾ ਹੈ। ਇਕ ਟਵੀਟ ਕਰ ਕੇ ਉਨ੍ਹਾਂ ਕਿਹਾ ਕਿ ਉਹ 5-6 ਮੈਂਬਰਾਂ ਦੀ ਟੀਮ ਭੇਜ ਰਹੇ ਹਨ ਜੋ ਕਿ ਉਡੀਸ਼ਾ ਸਰਕਾਰ ਅਤੇ ਰੇਲਵੇ ਅਥਾਰਟੀਆਂ ਦੀ ਰਾਹਤ ਕਾਰਜਾਂ ’ਚ ਮਦਦ ਕਰੇਗੀ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵਿਸ਼ੇਸ਼ ਰਾਹਤ ਕਮਿਸ਼ਨਰ ਸੱਤਿਆਵਰਤ ਸਾਹੂ ਅਤੇ ਖ਼ਜ਼ਾਨਾ ਮੰਤਰੀ ਪ੍ਰਮਿਲਾ ਮਲਿਕ ਨੂੰ ਹਾਦਸੇ ਵਾਲੀ ਥਾਂ ’ਤੇ ਜਾਣ ਦੇ ਹੁਕਮ ਦਿਤੇ ਹਨ।