ਨਵੀਂ ਦਿੱਲੀ, 21 ਸਤੰਬਰ 2024 : ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਨੂੰ ਹਵਾਈ ਸੈਨਾ ਦਾ ਅਗਲਾ ਮੁੱਖੀ ਨਿਯੁਕਤ ਕੀਤਾ ਗਿਆ ਹੈ। ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਇਸ ਸਮੇਂ ਹਵਾਈ ਸੈਨਾ ਦੇ ਉਪ ਮੁੱਖੀ ਵਜੋਂ ਸੇਵਾ ਨਿਭਾਅ ਰਹੇ ਹਨ। ਉਹ 30 ਸਤੰਬਰ, 2024 ਦੀ ਦੁਪਹਿਰ ਤੋਂ ਅਗਲੇ ਏਅਰ ਚੀਫ ਮਾਰਸ਼ਲ ਦਾ ਅਹੁਦਾ ਸੰਭਾਲਣਗੇ। ਮੌਜੂਦਾ ਹਵਾਈ ਸੈਨਾ ਦੇ ਮੁੱਖੀ ਏਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ 30 ਸਤੰਬਰ, 2024 ਨੂੰ ਅਹੁਦੇ ਤੋਂ ਸੇਵਾਮੁਕਤ ਹੋ ਜਾਣਗੇ। ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਦਾ ਜਨਮ 27 ਅਕਤੂਬਰ 1964 ਨੂੰ ਹੋਇਆ ਸੀ। ਇਸ ਵੱਡੀ ਜ਼ਿੰਮੇਵਾਰੀ ਤੋਂ ਪਹਿਲਾਂ ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ 1 ਫਰਵਰੀ 2023 ਨੂੰ ਭਾਰਤੀ ਹਵਾਈ ਸੈਨਾ ਦੇ 47ਵੇਂ ਉਪ ਮੁੱਖੀ ਦਾ ਅਹੁਦਾ ਸੰਭਾਲਿਆ ਸੀ। ਪਿਛਲੇ ਕੁਝ ਦਿਨਾਂ ਤੋਂ ਇਹ ਕਿਆਸ ਲਾਏ ਜਾ ਰਹੇ ਸਨ ਕਿ ਨਵੇਂ ਹਵਾਈ ਸੈਨਾ ਮੁੱਖੀ ਲਈ ਅਮਰ ਪ੍ਰੀਤ ਸਿੰਘ ਦਾ ਹੀ ਨਾਂ ਅੱਗੇ ਆ ਸਕਦਾ ਹੈ। ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਆਪਣੀ ਸੇਵਾ ਦੌਰਾਨ ਕਈ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਹ 21 ਦਸੰਬਰ 1984 ਨੂੰ ਏਅਰ ਫੋਰਸ ਅਕੈਡਮੀ, ਡੁੰਡੀਗਲ ਤੋਂ ਭਾਰਤੀ ਹਵਾਈ ਸੈਨਾ ਦੀ ਲੜਾਕੂ stream ਵਿੱਚ ਤਾਇਨਾਤ ਸੀ। ਉਹ 38 ਸਾਲਾਂ ਤੋਂ ਹਵਾਈ ਸੈਨਾ ਦੀ ਸੇਵਾ ਕਰ ਰਹੇ ਹਨ। ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਨੈਸ਼ਨਲ ਡਿਫੈਂਸ ਅਕੈਡਮੀ ਖੜਕਵਾਸਲਾ ਅਤੇ ਏਅਰ ਫੋਰਸ ਅਕੈਡਮੀ ਡੁੰਡੀਗਲ ਤੋਂ ਸਿਖਲਾਈ ਲਈ ਹੈ। ਉਹ ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੈਲਿੰਗਟਨ ਦਾ ਸਾਬਕਾ ਵਿਦਿਆਰਥੀ ਵੀ ਰਹੇ ਹਨ। ਉਨ੍ਹਾਂ ਦੇ ਨਾਂ ਇਕ ਹੋਰ ਪ੍ਰਾਪਤੀ ਹੈ। ਉਨ੍ਹਾਂ ਨੇ ਨੈਸ਼ਨਲ ਡਿਫੈਂਸ ਕਾਲਜ, ਨਵੀਂ ਦਿੱਲੀ ਤੋਂ ਸਿਖਲਾਈ ਵੀ ਲਈ ਹੈ।ਭਾਰਤੀ ਹਵਾਈ ਸੈਨਾ ਦੇ ਨਵੇਂ ਮੁਖੀ ਬਣੇ ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਹਾਲ ਹੀ ਵਿੱਚ ਭਾਰਤੀ ਲੜਾਕੂ ਜਹਾਜ਼ ਤੇਜਸ ਨੂੰ ਉਡਾ ਕੇ ਨਾ ਸਿਰਫ਼ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਸਗੋਂ ਆਪਣੀ ਉਮਰ ਕਾਰਨ ਸਭ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ। ਜਦੋਂ ਉਨ੍ਹਾਂ ਨੇ ਤੇਜਸ ਜਹਾਜ਼ ਉਡਾਇਆ ਸੀ, ਉਦੋਂ ਉਨ੍ਹਾਂ ਦੀ ਉਮਰ 59 ਸਾਲ ਸੀ। ਉਨ੍ਹਾਂ ਦੀ ਸੇਵਾ ਲਈ ਉਨ੍ਹਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਅਤੇ ਅਤਿ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।