ਇੰਫਾਲ, 9 ਜੂਨ : ਮਨੀਪੁਰ 'ਚ ਮੇਟਾਈ ਭਾਈਚਾਰੇ ਤੇ ਕੁਕੀ ਭਾਈਚਾਰੇ ਦਰਮਿਆਨ ਹਿੰਸਾ ਰੁਕ ਨਹੀਂ ਰਹੀ। ਦੋਵਾਂ ਭਾਈਚਾਰਿਆਂ ਵਿਚਾਲੇ 3 ਮਈ ਤੋਂ ਹਿੰਸਾ ਜਾਰੀ ਹੈ। ਮਨੀਪੁਰ ਵਿੱਚ ਸ਼ੁੱਕਰਵਾਰ ਨੂੰ ਇੱਕ ਹੋਰ ਹਿੰਸਕ ਘਟਨਾ ਵਾਪਰੀ। ਮਣੀਪੁਰ ਦੇ ਖੋਕੇਨ ਪਿੰਡ 'ਚ ਸ਼ੁੱਕਰਵਾਰ ਨੂੰ ਸ਼ੱਕੀ ਅੱਤਵਾਦੀਆਂ ਨੇ ਇਕ ਔਰਤ ਸਮੇਤ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ ਦੋ ਹੋਰ ਜ਼ਖਮੀ ਹੋ ਗਏ। ਇਹ ਪਿੰਡ ਕਾਂਗਪੋਕਪੀ ਅਤੇ ਇੰਫਾਲ ਪੱਛਮੀ ਜ਼ਿਲ੍ਹਿਆਂ ਦੀ ਸਰਹੱਦ 'ਤੇ ਸਥਿਤ ਹੈ ਅਤੇ ਸ਼ੱਕੀ ਅੱਤਵਾਦੀ ਅਤੇ ਪੀੜਤ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਹਨ। ਪੁਲਿਸ ਮੁਤਾਬਕ ਅੱਤਵਾਦੀ ਕਥਿਤ ਤੌਰ 'ਤੇ ਖਾਕੀ ਪਹਿਨੇ ਫ਼ੌਜੀ ਵਾਹਨ ਚਲਾ ਰਹੇ ਸਨ। ਕੱਟੜਪੰਥੀ ਸ਼ੁੱਕਰਵਾਰ ਸਵੇਰੇ ਖੋਕੇਨ ਪਿੰਡ 'ਚ ਆਏ ਤੇ ਆਟੋਮੈਟਿਕ ਰਾਈਫਲਾਂ ਨਾਲ ਪਿੰਡ ਵਾਸੀਆਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ 10 ਜੂਨ ਤਕ ਸੂਬੇ ਵਿੱਚ ਇੰਟਰਨੈੱਟ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ। ਇਸ ਹਿੰਸਾ ਵਿੱਚ ਹੁਣ ਤਕ 80 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦੇਈਏ ਕਿ ਇੰਟਰਨੈੱਟ ਸੇਵਾਵਾਂ ਬਹਾਲ ਕਰਨ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਹਾਲਾਂਕਿ ਅਦਾਲਤ ਨੇ ਇਸ 'ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ਅਧਿਕਾਰੀਆਂ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਸੂਚਿਤ ਕੀਤਾ ਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਮਣੀਪੁਰ ਹਿੰਸਾ ਦੇ ਮਾਮਲਿਆਂ ਦੀ ਜਾਂਚ ਲਈ ਡੀਆਈਜੀ ਰੈਂਕ ਦੇ ਅਧਿਕਾਰੀ ਦੇ ਅਧੀਨ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ।