ਇੰਫਾਲ, 5 ਅਗਸਤ : ਮਨੀਪੁਰ ’ਚ ਲਗਪਗ ਤਿੰਨ ਮਹੀਨੇ ਤੋਂ ਜਾਰੀ ਫ਼ਿਰਕੂ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ। ਬਿਸ਼ਣੂਤਪੁਰ ਜ਼ਿਲ੍ਹੇ ਵਿਚ ਪਿਓ-ਪੁੱਤਰ ਸਮੇਤ ਤਿੰਨ ਵਿਅਕਤੀਆਂ ਦੀ ਦੰਗਾਕਾਰੀਆਂ ਨੇ ਹੱਤਿਆ ਕਰ ਦਿੱਤੀ। ਇਸ ਦੇ ਵਿਰੋਧ ’ਚ ਭੀੜ ਨੇ ਜ਼ਿਲ੍ਹੇ ਦੇ ਉਖਾ ਤੰਪਕ ’ਚ ਕਈ ਘਰਾਂ ਨੂੰ ਅੱਗ ਲਗਾ ਦਿੱਤੀ। ਇਸ ਦੌਰਾਨ ਇੰਫਾਲ ਘਾਟੀ ’ਚ ਕਰਫਿਊ ’ਚ ਢਿੱਲ ਦੀ ਸਮਾਂ-ਹੱਦ ਘਟਾ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਬਿਸ਼ਣੂਪੁਰ ਦੇ ਕਵਾਕਟਾ ਇਲਾਕੇ ਵਿਚ ਤਿੰਨ ਲੋਕਾਂ ਨੂੰ ਸੁੱਤੇ ਸਮੇਂ ਗੋਲੀਆਂ ਮਾਰੀਆਂ ਗਈਆਂ ਅਤੇ ਫਿਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਤਲਵਾਰਾਂ ਨਾਲ ਵੱਢ ਦਿੱਤਾ ਗਿਆ। ਪੁਲਿਸ ਅਧਿਕਾਰੀ ਮੁਤਾਬਕ, ਹਮਲਾਵਰ ਚੂੜਚੰਦਪੁਰ ਤੋਂ ਆਏ ਸਨ। ਮਾਰੇ ਗਏ ਤਿੰਨ ਵਿਅਕਤੀ ਇਕ ਰਾਹਤ ਕੈਂਪ ਵਿਚ ਰਹਿ ਰਹੇ ਸਨ ਪਰ ਸਥਿਤੀ ’ਚ ਸੁਧਾਰ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਹੀ ਕਵਾਕਟਾ ਵਿਚ ਆਪਣੇ ਘਰ ਪਰਤੇ ਸਨ। ਘਟਨਾ ਤੋਂ ਤੁਰੰਤ ਬਾਅਦ ਗੁੱਸੇ ’ਚ ਆਈ ਭੀੜ ਕਵਾਕਟਾ ’ਚ ਇਕੱਠੀ ਹੋ ਗਈ ਅਤੇ ਚੂੜਚੰਦਪੁਰ ਵੱਲ ਵਧਣ ਲੱਗੀ ਪਰ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਰੋਕ ਦਿੱਤਾ। ਉਨ੍ਹਾਂ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਕਵਾਕਟਾ ਨੇੜੇ ਰਾਜ ਦੇ ਸੁਰੱਖਿਆ ਬਲਾਂ ਅਤੇ ਦੰਗਾਕਾਰੀਆਂ ’ਚ ਭਾਰੀ ਗੋਲੀਬਾਰੀ ਹੋਈ। ਇਸ ਵਿਚ ਇਕ ਪੁਲਿਸ ਮੁਲਾਜ਼ਮ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਦੇ ਸਾਂਝੇ ਦਲ ਨੇ ਕੁਰਤੁਕ ਪਹਾੜੀ ਖੇਤਰ ਵਿਚ ਮੁਹਿੰਮ ਚਲਾ ਕੇ ਸੱਤ ਨਾਜਾਇਜ਼ ਬੰਕਰਾਂ ਨੂੰ ਨਸ਼ਟ ਕਰ ਦਿੱਤਾ ਸੀ। ਓਧਰ, ਇਕ ਬਿਆਨ ਵਿਚ ਇੰਡੀਅਨਜ਼ ਟ੍ਰਾਈਬਲ ਲੀਡਰਜ਼ ਫੋਰਮ ਨੇ ਰਾਜ ਸਰਕਾਰ ਤੋਂ ਹਿੰਸਾ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਪੁੱਛਿਆ ਹੈ। ਫੋਰਮ ਅਨੁਸਾਰ ਮਈ ’ਚ ਇੰਫਾਲ ਘਾਟੀ ’ਚ ਭੀੜ ਵੱਲੋਂ ਵੱਖ-ਵੱਖ ਪੁਲਿਸ ਸਟੇਸ਼ਨਾਂ ਅਤੇ ਅਸਲਾਖ਼ਾਨਿਆਂ ’ਚੋਂ 4 ਹਜ਼ਾਰ ਤੋਂ ਵੱਧ ਹਥਿਆਰ ਅਤੇ ਲੱਖਾਂ ਗੋਲਾ-ਬਾਰੂਦ ਲੁੱਟੇ ਸਨ। ਇਨ੍ਹਾਂ ਦੀ ਵਰਤੋਂ ਹਿੰਸਕ ਗਤੀਵਿਧੀਆਂ ਵਿਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਨੀਪੁਰ ’ਚ ਤਿੰਨ ਮਈ ਨੂੰ ਆਦਿਵਾਸੀ ਇਕਜੁਟਤਾ ਮਾਰਚ ਤੋਂ ਬਾਅਦ ਰਾਜ ਵਿਚ ਭੜਕੀ ਫਿਰਕੂ ਹਿੰਸਾ ’ਚ ਹਾਲੇ ਤਕ 160 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੰਫਾਲ ਘਾਟੀ ’ਚ ਰਹਿਣ ਵਾਲੇ ਮੈਤੇਈ ਭਾਈਚਾਰੇ ਦੀ ਆਬਾਦੀ ਲਗਪਗ 53 ਪ੍ਰਤੀਸ਼ਤ ਹੈ ਜਦਕਿ ਪਹਾੜੀ ਇਲਾਕਿਆਂ ਵਿਚ ਰਹਿਣ ਵਾਲੇ ਕੁਕੀ ਅਤੇ ਨਗਾ ਵਰਗੇ ਆਦਿਵਾਸੀਆਂ ਦੀ ਆਬਾਦੀ 40 ਪ੍ਰਤੀਸ਼ਤ ਹੈ। ਮਨੀਪੁਰ ’ਚ 27 ਵਿਧਾਨ ਸਭਾ ਖੇਤਰਾਂ ਦੀ ਤਾਲਮੇਲ ਕਮੇਟੀ ਵੱਲੋਂ ਸ਼ਨਿਚਰਵਾਰ ਨੂੰ 24 ਘੰਟੇ ਦੀ ਆਮ ਹੜਤਾਲ ਦੇ ਸੱਦੇ ਕਾਰਨ ਇੰਫਾਲ ਘਾਟੀ ’ਚ ਆਮ ਜਨਜੀਵਨ ਪ੍ਰਭਾਵਿਤ ਹੋਇਆ। ਸਾਰੇ ਇਲਾਕਿਆਂ ਵਿਚ ਬਾਜ਼ਾਰ ਅਤੇ ਵਪਾਰਕ ਅਦਾਰੇ ਬੰਦ ਰਹੇ। ਇੰਫਾਲ ਘਾਟੀ ’ਚ ਮਹਿਲਾ ਪ੍ਰਦਰਸ਼ਨਕਾਰੀ ਸੜਕਾਂ ’ਤੇ ਉੱਤਰ ਆਈਆਂ ਅਤੇ ਵਾਹਨਾਂ ਦੀ ਆਵਾਜਾਈ ਰੋਕਣ ਲਈ ਟਾਇਰ ਸਾੜੇ। ਹਿੰਸਾ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਇੰਫਾਲ ਦੇ ਦੋਵਾਂ ਜ਼ਿਲ੍ਹਿਆਂ ਵਿਚ ਸਵੇਰੇ 10.30 ਵਜੇ ਤੋਂ ਕਰਫਿਊ ਲਗਾ ਦਿੱਤਾ। ਇਥੇ ਕਰਫਿਊ ’ਚ ਢਿੱਲ ਦੀ ਸਮਾਂ-ਹੱਦ ਵੀ ਘਟਾ ਦਿੱਤੀ ਗਈ ਹੈ। ਕਰਫਿਊ ਵਿਚ ਢਿੱਲ ਦਾ ਸਮਾਂ ਹੁਣ ਸਵੇਰੇ ਪੰਜ ਤੋਂ ਸਾਢੇ ਦਸ ਵਜੇ ਤੱਕ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਢਿੱਲ ਸਵੇਰੇ ਪੰਜ ਤੋਂ ਸ਼ਾਮ ਛੇ ਵਜੇ ਤੱਕ ਸੀ।