ਮਦਰਾਸ : ਮਦਰਾਸ ਹਾਈ ਕੋਰਟ ਨੇ ਮੈਰਿਜ ਸਰਟੀਫਿਕੇਟ ਨੂੰ ਲੈ ਕੇ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਕਿਹਾ ਕਿ ਵਿਆਹ ਦੀ ਰਸਮ ਤੋਂ ਬਿਨਾਂ ਵਿਆਹ ਨੂੰ ਰੱਦ ਮੰਨਿਆ ਜਾਵੇਗਾ। ਯਾਨੀ ਜੇ ਵਿਆਹ ਦੀ ਰਸਮ ਨਾ ਹੋਈ ਹੋਵੇਗੀ ਤਾਂ ਵਿਆਹ ਦੀ ਰਜਿਸਟ੍ਰੇਸ਼ਨ ਅਤੇ ਸਰਟੀਫਿਕੇਟ ਦੋਵਾਂ ਦੀ ਕੋਈ ਮਹੱਤਤਾ ਨਹੀਂ ਰਹਿ ਜਾਂਦੀ। ਉਨ੍ਹਾਂ ਨੂੰ ਜਾਅਲੀ ਮੰਨਿਆ ਜਾਵੇਗਾ। ਜਸਟਿਸ ਆਰ ਵਿਜੇਕੁਮਾਰ ਨੇ ਕਿਹਾ ਕਿ ਜੋੜੇ ਲਈ ਵਿਆਹ ਦੀਆਂ ਰਸਮਾਂ ਅਤੇ ਰੀਤੀ-ਰਿਵਾਜਾਂ ਨੂੰ ਪੂਰਾ ਕਰਨਾ ਲਾਜ਼ਮੀ ਹੋਵੇਗਾ ਜੋ ਉਨ੍ਹਾਂ ਦੇ ਧਰਮ ‘ਤੇ ਲਾਗੂ ਹੋਣ। ਇਸ ਤੋਂ ਬਾਅਦ ਰਜਿਸਟ੍ਰੇਸ਼ਨ ਤਾਮਿਲਨਾਡੂ ਮੈਰਿਜ ਰਜਿਸਟ੍ਰੇਸ਼ਨ ਐਕਟ 2009 ਦੇ ਤਹਿਤ ਕੀਤੀ ਜਾ ਸਕਦੀ ਹੈ। ਇਹ ਵੀ ਕਿਹਾ ਕਿ ਜੋ ਅਧਿਕਾਰੀ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣਗੇ ਉਨ੍ਹਾਂ ਨੂੰ ਇਹ ਦੇਖਣਾ ਹੋਵੇਗਾ ਕਿ ਜੋੜਾ ਵਿਆਹਿਆ ਹੋਇਆ ਹੈ ਜਾਂ ਨਹੀਂ। ਤਦ ਹੀ ਰਜਿਸਟਰੇਸ਼ਨ ਸਹੀ ਮੰਨੀ ਜਾਵੇਗੀ। ਅਦਾਲਤ 2015 ਵਿੱਚ ਇੱਕ ਕੇਸ ਦੀ ਸੁਣਵਾਈ ਕਰ ਰਹੀ ਸੀ। ਇਹ ਪਟੀਸ਼ਨ ਇੱਕ ਮੁਸਲਿਮ ਔਰਤ ਨੇ ਦਾਇਰ ਕੀਤੀ ਸੀ। ਔਰਤ ਦਾ ਦੋਸ਼ ਸੀ ਕਿ ਉਸ ਦਾ ਚਚੇਰਾ ਭਰਾ ਉਸ ਨੂੰ ਕਾਲਜ ਤੋਂ ਬਹਾਨੇ ਨਾਲ ਲੈ ਕੇ ਆਇਆ ਸੀ। ਇਸ ਤੋਂ ਬਾਅਦ ਔਰਤ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਸ ਨੇ ਵਿਆਹ ਨਹੀਂ ਕਰਵਾਇਆ ਤਾਂ ਉਹ ਉਸ ਦੇ ਮਾਪਿਆਂ ਨੂੰ ਮਾਰ ਦੇਵੇਗਾ। ਧਮਕੀ ਤੋਂ ਬਾਅਦ ਨੌਜਵਾਨ ਔਰਤ ਨੂੰ ਸਬ-ਰਜਿਸਟਰਾਰ ਦਫ਼ਤਰ ਲੈ ਗਿਆ ਅਤੇ ਵਿਆਹ ਦੇ ਰਜਿਸਟਰ ‘ਤੇ ਦਸਤਖਤ ਕਰਵਾ ਲਏ। ਔਰਤ ਨੇ ਦਾਅਵਾ ਕੀਤਾ ਸੀ ਕਿ ਇਸਲਾਮਿਕ ਪਰੰਪਰਾ ਮੁਤਾਬਕ ਉਸ ਦੇ ਅਤੇ ਉਸ ਦੇ ਚਚੇਰੇ ਭਰਾ ਵਿਚਕਾਰ ਕੋਈ ਵਿਆਹ ਸੈਰਾਮਨੀ ਨਹੀਂ ਹੋਇਆ ਸੀ।