ਪੂੰਛ, 18 ਜੁਲਾਈ : ਜੰਮੂ-ਕਸ਼ਮੀਰ ਦੇ ਪੂੰਛ ਇਲਾਕੇ 'ਚ ਸੁਰੱਖਿਆ ਬਲਾਂ ਨੇ ਸਾਂਝੀ ਮੁਹਿੰਮ ਦੌਰਾਨ ਚਾਰ ਅਤਿਵਾਦੀਆਂ ਨੂੰ ਢੇਰ ਕਰ ਦਿਤਾ ਹੈ। ਆਪਰੇਸ਼ਨ 'ਚ ਮਾਰੇ ਗਏ ਸਾਰੇ ਅਤਿਵਾਦੀ ਵਿਦੇਸ਼ੀ ਹਨ। ਅਤਿਵਾਦੀਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਸੋਮਵਾਰ ਰਾਤ ਕਰੀਬ 11:30 ਵਜੇ ਸ਼ੁਰੂ ਹੋਇਆ ਇਹ ਮੁਕਾਬਲਾ ਮੰਗਲਵਾਰ ਸਵੇਰ ਤਕ ਜਾਰੀ ਰਿਹਾ। 9 ਘੰਟੇ ਦੌਰਾਨ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਭਾਰੀ ਗੋਲੀਬਾਰੀ ਹੋਈ। ਸੁਰੱਖਿਆ ਬਲਾਂ ਵਲੋਂ ਨਿਗਰਾਨੀ ਉਪਕਰਨਾਂ ਦੇ ਨਾਲ-ਨਾਲ ਡਰੋਨ ਵੀ ਤੈਨਾਤ ਕੀਤੇ ਗਏ। ਜਾਣਕਾਰੀ ਅਨੁਸਾਰ ਭਾਰਤੀ ਫ਼ੌਜ ਦੇ ਵਿਸ਼ੇਸ਼ ਬਲ, ਰਾਸ਼ਟਰੀ ਰਾਈਫਲਜ਼ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਜਵਾਨ ਇਸ ਆਪਰੇਸ਼ਨ ਦਾ ਹਿੱਸਾ ਸਨ। ਭਾਰਤੀ ਫ਼ੌਜ ਨੇ ਕਿਹਾ, ਆਪਰੇਸ਼ਨ ਤ੍ਰਿਨੇਤਰਾ-2 ਦੇ ਤਹਿਤ ਪੂੰਛ ਇਲਾਕੇ ਦੀ ਘੇਰਾਬੰਦੀ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ।