
ਆਗਰਾ, 02 ਮਾਰਚ 2025 : ਆਗਰਾ ਜ਼ਿਲ੍ਹੇ ਦੇ ਕਾਗਰੌਲ ਇਲਾਕੇ ਵਿੱਚ ਦੋ ਮੋਟਰਸਾਈਕਲਾਂ ਦੀ ਟੱਕਰ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸਈਆ ਇਲਾਕੇ ਦੇ ਰਹਿਣ ਵਾਲੇ ਚਾਰ ਵਿਅਕਤੀ ਭਗਵਾਨ ਦਾਸ (35), ਵਕੀਲ (35), ਰਾਮ ਸਵਰੂਪ (28) ਅਤੇ ਸੋਨੂੰ (30) ਇਕ ਹੀ ਮੋਟਰਸਾਈਕਲ 'ਤੇ ਵਿਆਹ ਸਮਾਗਮ 'ਚ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 10 ਵਜੇ ਇਹ ਚਾਰੇ ਵਿਅਕਤੀ ਵਾਪਸ ਪਰਤ ਰਹੇ ਸਨ ਜਦੋਂ ਕਗਰੌਲ ਇਲਾਕੇ ਵਿੱਚ ਉਨ੍ਹਾਂ ਦੇ ਮੋਟਰਸਾਈਕਲ ਦੀ ਸਾਹਮਣੇ ਤੋਂ ਆ ਰਹੇ ਇੱਕ ਹੋਰ ਮੋਟਰਸਾਈਕਲ ਨਾਲ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਚਾਰੇ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੂਜੇ ਮੋਟਰਸਾਈਕਲ 'ਤੇ ਸਵਾਰ ਕਰਨ (17) ਦੀ ਵੀ ਮੌਤ ਹੋ ਗਈ ਅਤੇ ਕਿਸ਼ਨਵੀਰ ਨਾਂ ਦਾ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਕਿਸ਼ਨਵੀਰ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਵੀ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਪੰਜਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।