ਨਵੀਂ ਦਿੱਲੀ, 16 ਜੁਲਾਈ : ਕਿਸਾਨ ਭਾਰਤ ਦੀ ਤਾਕਤ ਹਨ ਅਤੇ ‘ਜੇ ਅਸੀਂ ਉਨ੍ਹਾਂ ਦੀ ਗੱਲ ਸੁਣੀਏ ਅਤੇ ਉਨ੍ਹਾਂ ਦੀ ਗੱਲ ਸਮਝੀਏ’ ਤਾਂ ਦੇਸ਼ ਦੀਆਂ ਕਈ ਸਮੱਸਿਆਵਾਂ ਦਾ ਹੱਲ ਨਿਕਲ ਸਕਦਾ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਆਗੂ ਰਾਹੁਲ ਗਾਂਧੀ ਕੀਤਾ, ਉਨ੍ਹਾਂ ਕਿਹਾ ਕਿ 8 ਜੁਲਾਈ ਨੂੰ ਹਰਿਆਣਾ ਦੇ ਸੋਨੀਪਤ ਦੇ ਮਦੀਨਾ ਪਿੰਡ ’ਚ ਝੋਨੇ ਦੇ ਖੇਤਾਂ ਦੀ ਅਪਣੀ ਫੇਰੀ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ। ਲਗਭਗ 12 ਮਿੰਟਾਂ ਦੇ ਵੀਡੀਓ ’ਚ ਗਾਂਧੀ ਕਿਸਾਨਾਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਨਾਲ ਗੱਲਬਾਤ ਕਰਦੇ, ਖੇਤਾਂ ’ਚ ਝੋਨੇ ਦੀ ਪਨੀਰੀ ਬੀਜਦੇ ਅਤੇ ਬਾਅਦ ’ਚ ਕਿਸਾਨਾਂ ਨਾਲ ਖਾਣਾ ਖਾਂਦੇ ਦਿਸੇ ਹਨ।ਕਾਂਗਰਸ ਆਗੂ ਨੇ ਵੀਡੀਉ ਸਾਂਝਾ ਕਰਦਿਆਂ ਟਵੀਟ ਕੀਤਾ, ‘‘ਕਿਸਾਨ ਹਨ ਭਾਰਤ ਦੀ ਤਾਕਤ। ਸੋਨੀਪਤ, ਹਰਿਆਣਾ ’ਚ ਮੇਰੀ ਮੁਲਾਕਾਤ ਦੋ ਕਿਸਾਨ ਭਰਾਵਾਂ, ਸੰਜੇ ਮਲਿਕ ਅਤੇ ਤਸਬੀਰ ਕੁਮਾਰ ਨਾਲ ਹੋਈ। ਉਹ ਬਚਪਨ ਦੇ ਜਿਗਰੀ ਦੋਸਤ ਹਨ, ਜੋ ਕਈ ਸਾਲਾਂ ਤੋਂ ਇਕੱਠਿਆਂ ਕਿਸਾਨੀ ਕਰ ਰਹੇ ਹਨ।’’ ਉਨ੍ਹਾਂ ਅੱਗੇ ਕਿਹਾ, ‘‘ਉਨ੍ਹਾਂ ਨਾਲ ਮਿਲ ਕੇ ਖੇਤਾਂ ’ਚ ਕੰਮ ਕਰਵਾਇਆ, ਝੋਨਾ ਬੀਜਿਆ, ਟਰੈਕਟਰ ਚਲਾਇਆ ਅਤੇ ਦਿਲ ਖੋਲ੍ਹ ਕੇ ਕਈ ਗੱਲਾਂ ਕੀਤੀਆਂ। ਪਿੰਡ ਦੀਆਂ ਔਰਤ ਕਿਸਾਨਾਂ ਨੇ ਅਪਣੇ ਪ੍ਰਵਾਰ ਵਾਂਗ ਪਿਆਰ ਅਤੇ ਮਾਣ ਦਿਤਾ ਅਤੇ ਘਰ ਦੀਆਂ ਬਣੀਆਂ ਰੋਟੀਆਂ ਖਵਾਈਆਂ।’’ ਉਨ੍ਹਾਂ ਕਿਹਾ, ‘‘ਭਾਰਤ ਦੇ ਕਿਸਾਨ ਸੱਚੇ ਅਤੇ ਸਮਝਦਾਰ ਹਨ। ਅਪਣੀ ਮਿਹਨਤ ਵੀ ਜਾਣਦੇ ਹਨ, ਅਪਣੇ ਹੱਕ ਵੀ ਪਛਾਣਦੇ ਹਨ। ਜ਼ਰੂਰਤ ਪੈਣ ’ਤੇ ਕਾਲੇ ਕਾਨੂੰਨਾਂ ਵਿਰੁਧ ਡੱਟ ਜਾਂਦੇ ਹਨ, ਅਤੇ ਐਮ.ਐਸ.ਪੀ. ਤੇ ਬੀਮਾ ਦੀ ਸਹੀ ਮੰਗ ਵੀ ਚੁਕਦੇ ਹਨ। ਜੇ ਅਸੀਂ ਉਨ੍ਹਾਂ ਦੀ ਗੱਲ ਸੁਣੀਏ, ਉਨ੍ਹਾਂ ਦੀਆਂ ਗੱਲਾਂ ਸਮਝੀਏ, ਤਾਂ ਦੇਸ਼ ਦੀਆਂ ਕਈ ਸਮਸਿਆਵਾਂ ਹੱਲ ਹੋ ਸਕਦੀਆਂ ਹਨ।’’ ਕਾਂਗਰਸ ਨੇ ਟਵੀਟ ਕੀਤਾ, ‘‘ਭਾਰਤ ਨੂੰ ਇਕਜੁਟ ਕਰਨ ’ਚ ਕਿਸਾਨਾਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਦਾ ਉਗਾਇਆ ਅਨਾਜ ਦੇਸ਼ ਦੀ ਹਰ ਥਾਲੀ ਦਾ ਹਿੱਸਾ ਹੈ, ਪਰ ਉਨ੍ਹਾਂ ਦੀ ਤਪਸਿਆ ਦਾ ਸਹੀ ਫੱਲ ਅਤੇ ਮਾਣ ਨਹੀਂ ਮਿਲਦਾ।’’ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਗਾਂਧੀ ਦਾ ਵੀਡੀਉ ਸਾਂਝਾ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਅਪਣੀ ‘ਭਾਰਤ ਜੋੜੋ’ ਯਾਤਰਾ ਨੂੰ ਅੱਗੇ ਵਧਾਉਂਦਿਆਂ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਸੀ।