
ਹੈਦਰਾਬਾਦ, 22 ਫਰਵਰੀ 2025 : ਤੇਲੰਗਾਨਾ ਵਿੱਚ ਇੱਕ ਨਿਰਮਾਣ ਅਧੀਨ ਸੁਰੰਗ ਦਾ ਹਿੱਸਾ ਨਾਲ ਢਹਿਣ ਵੱਡਾ ਹਾਦਸਾ ਵਾਪਰਿਆ ਹੈ। ਰਾਜ ਦੇ ਨਾਗਰਕੁਰਨੂਲ ਜ਼ਿਲ੍ਹੇ ਵਿੱਚ ਸ਼੍ਰੀਸੈਲਮ ਲੈਫਟ ਬੈਂਕ ਕੇਨਾਲ (SLBC) ਦੀ ਸੁਰੰਗ ਦੀ ਛੱਤ ਦਾ ਇੱਕ ਹਿੱਸਾ ਢਹਿ ਗਿਆ, ਜਿਸ ਕਾਰਨ ਛੇ ਤੋਂ ਅੱਠ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਪੁਲਿਸ ਨੇ ਦੱਸਿਆ ਕਿ ਨਿਰਮਾਣ ਕੰਪਨੀ ਦੀ ਇੱਕ ਟੀਮ ਮੁਲਾਂਕਣ ਲਈ ਸੁਰੰਗ ਦੇ ਅੰਦਰ ਗਈ ਤੇ ਉਸ ਨੇ ਪੁਸ਼ਟੀ ਕੀਤੀ ਹੈ ਕਿ ਮਜ਼ਦੂਰ ਫਸੇ ਹਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਕੰਮ ਵਿੱਚ ਲੱਗੀ ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਛੇ ਤੋਂ ਅੱਠ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਅਧਿਕਾਰੀ ਨੇ ਕਿਹਾ, ਇਹ ਘਟਨਾ ਉਦੋਂ ਵਾਪਰੀ ਜਦੋਂ ਮਜ਼ਦੂਰ ਕੰਮ ਦੇ ਸਿਲਸਿਲੇ 'ਚ ਅੰਦਰ ਗਏ ਸਨ, ਸੁਰੰਗ ਦੇ 12-13 ਕਿਲੋਮੀਟਰ ਅੰਦਰ ਛੱਤ ਡਿੱਗ ਗਈ। ਹਾਲਾਂਕਿ, ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਗਿਣਤੀ ਦੱਸੇ ਬਿਨਾਂ ਸੰਕੇਤ ਦਿੱਤਾ ਗਿਆ ਹੈ ਕਿ ਕੁਝ ਲੋਕ ਜ਼ਖਮੀ ਹੋਏ ਹਨ। ਮੁੱਖ ਮੰਤਰੀ ਏ ਰੇਵੰਤ ਰੈਡੀ ਨੇ ਜ਼ਿਲ੍ਹਾ ਕਲੈਕਟਰ, ਪੁਲਿਸ ਸੁਪਰਡੈਂਟ ਤੇ ਹੋਰ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਲਈ ਮੌਕੇ 'ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਰਾਜ ਸਿੰਚਾਈ ਮੰਤਰੀ ਐਨ ਉੱਤਮ ਕੁਮਾਰ ਰੈਡੀ, ਸਿੰਚਾਈ ਮਾਮਲਿਆਂ ਦੇ ਸਰਕਾਰੀ ਸਲਾਹਕਾਰ ਆਦਿੱਤਿਆਨਾਥ ਦਾਸ ਤੇ ਹੋਰ ਸਿੰਚਾਈ ਅਧਿਕਾਰੀ ਇੱਕ ਵਿਸ਼ੇਸ਼ ਹੈਲੀਕਾਪਟਰ ਰਾਹੀਂ ਘਟਨਾ ਸਥਾਨ ਲਈ ਰਵਾਨਾ ਹੋ ਗਏ ਹਨ। ਦੂਜੇ ਪਾਸੇ, ਹਾਦਸੇ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕੇਂਦਰੀ ਕੋਲਾ ਮੰਤਰੀ ਜੀ ਕਿਸ਼ਨ ਰੈਡੀ ਨੇ ਘਟਨਾ ਦੇ ਕਾਰਨਾਂ ਬਾਰੇ ਜਾਣਕਾਰੀ ਮੰਗੀ ਤੇ ਅਧਿਕਾਰੀਆਂ ਨੂੰ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਕਿਹਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ਖਮੀਆਂ ਦਾ ਇਲਾਜ ਕਰਵਾਉਣ ਲਈ ਵੀ ਕਿਹਾ।