ਮਾਤਾ ਗੁਜਰੀ ਕਾਲਜ ਵਿਖੇ ਕਰਵਾਈ ਗਈ ਸਾਲਾਨਾ ਕਨਵੋਕੇਸ਼ਨ

  • ਵਿਦਿਆਰਥੀ ਅਣਥੱਕ ਮਿਹਨਤ ਅਤੇ ਧਾਰਮਿਕ ਨੈਤਿਕਤਾ ਨਾਲ ਆਪਣੇ ਉਦੇਸ਼ ਪ੍ਰਾਪਤੀ ਲਈ ਯਤਨਸ਼ੀਲ ਰਹਿਣ : ਇੰਜੀ. ਸੁਖਮਿੰਦਰ ਸਿੰਘ, ਜਗਦੀਪ ਸਿੰਘ ਚੀਮਾ 
  • 1147 ਵਿਦਿਆਰਥੀਆਂ ਨੇ ਪ੍ਰਾਪਤ ਕੀਤੀਆਂ ਡਿਗਰੀਆਂ ਅਤੇ 30 ਵਿਦਿਆਰਥੀਆਂ ਨੇ ਹਾਸਲ ਕੀਤੇ ਗੋਲਡ ਮੈਡਲ

ਸ੍ਰੀ ਫ਼ਤਹਿਗੜ੍ਹ ਸਾਹਿਬ, 22 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਮਾਤਾ ਗੁਜਰੀ ਕਾਲਜ ਵਿਖੇ ਕਾਲਜ ਗਵਰਨਿੰਗ ਬਾਡੀ ਦੇ ਸਕੱਤਰ ਸ੍ਰ. ਜਗਦੀਪ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਕਾਲਜ ਦੀ ਸਾਲਾਨਾ ਕਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਸਕੱਤਰ ਵਿੱਦਿਆ ਇੰਜੀਨੀਅਰ ਸ੍ਰ. ਸੁਖਮਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਕਨਵੋਕੇਸ਼ਨ ਦੌਰਾਨ 2021-2022 ਵਿੱਚ ਪੋਸਟ ਗਰੈਜੂਏਟ ਅਤੇ ਅੰਡਰ ਗਰੈਜੂਏਟ ਕੋਰਸ ਪਾਸ ਕਰਨ ਵਾਲੇ ਕੁੱਲ 1147 ਵਿਦਿਆਰਥੀਆਂ ਅਤੇ 30 ਹੋਣਹਾਰ ਵਿਦਿਆਰਥੀਆਂ ਨੂੰ ਗੋਲਡ ਮੈਡਲ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਇੰਜੀਨੀਅਰ ਸ੍ਰ. ਸੁਖਮਿੰਦਰ ਸਿੰਘ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਫ਼ਤਹਿਗੜ੍ਹ ਸਾਹਿਬ ਦੀ ਮਹਾਨ ਧਰਤੀ 'ਤੇ ਮਾਤਾ ਗੁਜਰੀ ਜੀ ਦੇ ਨਾਂ 'ਤੇ ਬਣੇ ਇਸ ਕਾਲਜ ਤੋਂ ਸਿੱਖਿਆ ਹਾਸਲ ਕਰਨਾ ਵਿਦਿਆਰਥੀਆਂ ਲਈ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਥਾਹ ਮਿਹਨਤ, ਲਗਨ ਅਤੇ ਸਬਰ ਸੰਤੋਖ ਨਾਲ ਆਪਣੇ ਉਦੇਸ਼ ਪ੍ਰਾਪਤੀ ਲਈ ਨਿਰੰਤਰ ਯਤਨਸ਼ੀਲ ਅਤੇ ਕਰਮਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਚੰਗੇ ਨਾਗਰਿਕ ਬਣਕੇ ਆਪਣੇ ਦੇਸ਼, ਕੌਮ ਅਤੇ ਸਮਾਜ ਦੇ ਵਿਕਾਸ ਵਿਚ ਬਣਦਾ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਸਮੂਹ ਅਧਿਆਪਕਾਂ ਨੂੰ ਆਪਣੀ ਜ਼ਿੰਮੇਵਾਰੀ ਸਰਵੋਤਮਤਾ ਨਾਲ ਨਿਭਾਉਣ ਅਤੇ ਵਿਦਿਆਰਥੀਆਂ ਨੂੰ ਧਾਰਮਿਕ ਨੈਤਿਕਤਾ ਅਪਨਾਉਣ ਅਤੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਵੱਧ ਚੜ੍ਹਕੇ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਦਾ ਭਰਵਾਂ ਸਵਾਗਤ ਕਰਦਿਆਂ ਕਾਲਜ ਦੀਆਂ ਅਕਾਦਮਿਕ, ਧਾਰਮਿਕ, ਸੱਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕੀਤੀਆਂ ਸ਼ਾਨਦਾਰ ਉਪਲਬਧੀਆਂ 'ਤੇ ਚਾਨਣਾ ਪਾਇਆ। ਸਮਾਗਮ ਦੇ ਅਖੀਰ ਵਿੱਚ ਕਾਲਜ ਗਵਰਨਿੰਗ ਬਾਡੀ ਦੇ ਸਕੱਤਰ ਸ੍ਰ. ਜਗਦੀਪ ਸਿੰਘ ਚੀਮਾ ਨੇ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ ਅਤੇ ਮਾਣਮੱਤੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਮਾਤਾ ਗੁਜਰੀ ਕਾਲਜ ਮੌਜੂਦਾ ਸਮੇਂ ਦੀਆਂ ਵਿੱਦਿਅਕ ਲੋੜਾਂ ਦੀ ਪੂਰਤੀ ਕਰਦੇ ਹੋਏ ਵਿਦਿਆਰਥੀਆਂ ਦਾ ਹਰ ਪੱਖੋਂ ਵਿਕਾਸ ਕਰਨ ਲਈ ਵਚਨਬੱਧ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਸ੍ਰ. ਅਵਤਾਰ ਸਿੰਘ ਰਿਆ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸ੍ਰ. ਅਮਰਦੀਪ ਸਿੰਘ ਧਾਰਨੀ, ਕਾਲਜ ਦੀ ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਹਰਪਾਲ ਸਿੰਘ ਚੀਮਾ ਅਤੇ ਸਕੱਤਰ ਸ੍ਰ. ਸਰਬਜੀਤ ਸਿੰਘ, ਸੇਵਾ ਮੁਕਤ ਅਧਿਆਪਕ ਪ੍ਰੋ. ਗੁਰਦਰਸ਼ਨ ਸਿੰਘ ਅਤੇ ਪ੍ਰੋ. ਸਾਧੂ ਸਿੰਘ, ਵਾਈਸ ਪ੍ਰਿੰਸੀਪਲ ਡਾ. ਹਰਵੀਨ ਕੌਰ, ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ, ਕੰਟਰੋਲਰ ਪ੍ਰੀਖਿਆਵਾਂ ਡਾ. ਹਰਜੀਤ ਸਿੰਘ, ਡੀਨ ਅਕਾਦਮਿਕ ਡਾ. ਕਮਲਪ੍ਰੀਤ ਕੌਰ, ਡਿਪਟੀ ਕੰਟਰੋਲਰ ਪ੍ਰੀਖਿਆਵਾਂ ਡਾ. ਤੇਜਿੰਦਰ ਸਿੰਘ, ਡਿਪਟੀ ਰਜਿਸਟਰਾਰ ਡਾ. ਜਗਪਾਲ ਸਿੰਘ, ਡਿਪਟੀ ਰਜਿਸਟਰਾਰ ਡਾ. ਸੌਰਭ ਗੁਪਤਾ, ਸਮੂਹ ਅਧਿਆਪਕ ਸਾਹਿਬਾਨ ਅਤੇ ਪਤਵੰਤੇ ਸੱਜਣ ਹਾਜ਼ਰ ਸਨ।