ਨਵੀਂ ਦਿੱਲੀ : ਦੇਸ਼ `ਚ ਸਥਿਤ ਅਮਰੀਕੀ ਸਫ਼ਾਰਤਖਾਨੇ ਦਾ ਇਕ ਵਫਦ ਅੱਜ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਇਆ। ਇਸ ਵਫਦ ਵਿਚ ਮਿਸ਼ੇਲ ਬਰਨਿਅਰ ਟੋਥ ਸਪੈਸ਼ਲ ਐਡਵਾਈਜ਼ਰ ਟੂ ਚਿਲਡ੍ਰਨ ਇਸ਼ੂਜ਼, ਐਬੋਨੀ ਜੈਕਸਨ ਬ੍ਰਾਂਚ ਚੀਫ, ਡੋਨ ਹੈਫਲਿਨ ਮਿਨਿਸਟਰ ਕੌਂਸਲਰ ਫਾਰ ਕੌਂਸਲਰ ਅਫੇਅਰਜ਼ ਬ੍ਰੈਂਨਡੈਨ ਮੁਲਾਰਕੀ, ਜੇਅਰਡ ਹੈਸ ਅਟਾਰਨੀ ਐਡਵਾਈਜ਼ਰ ਅਤੇ ਵਿਨਸੈਂਟ ਕਿਉਂਗ ਕ੍ਰਿਸਟੀਨਾ ਲਿਓਨ ਵਾਈਸ ਕੌਂਸਲ ਦੇ ਨਾਲ ਹੋਰ ਪਤਵੰਤੇ ਸ਼ਾਮਲ ਸਨ।ਇਸ ਵਫਦ ਨੇ ਗੁਰੂਘਰ ਮੱਥਾ ਟੇਕਿਆ ਤੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ।ਵਫਦ ਮੈਂਬਰਾਂ ਨੇ ਵਿਜ਼ਟਰ ਬੁੱਕ ਵਿਚ ਆਪਣੀਆਂ ਭਾਵਨਾਵਾਂ ਦਾ ਜ਼ਿਕਰ ਕੀਤਾ। ਉਹਨਾਂ ਲਿਖਿਆ ਕਿ ਇਸ ਥਾਂ ’ਤੇ ਨਤਮਸਤਕ ਹੋ ਕੇ ਦਿੱਲੀ ਸਕੂਨ ਮਿਲਿਆ ਹੈ।ਉਹਨਾਂ ਨੇ ਦਿੱਲੀ ਕਮੇਟੀ ਦੀ ਸਿਫਤ ਕਰਦਿਆਂ ਲਿਖਿਆ ਹੈ ਕਿ ਗੁਰੂ ਘਰ ਨਤਮਸਤਕ ਹੋਣ ਵਾਲਿਆਂ ਲਈ ਜਿਸ ਤਰੀਕੇ ਦਿੱਲੀ ਕਮੇਟੀ ਨੇ ਪਿਆਰ ਵਿਖਾਇਆ ਹੈ, ਉਹ ਇਸ ਦੇ ਕਾਇਲ ਹਨ।ਇਸ ਮੌਕੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਦਿੱਲੀ ਕਮੇਟੀ ਦੀ ਟੀਮ ਨੇ ਵਫਦ ਮੈਂਬਰਾਂ ਨੁੰੂ ਯਾਦਗਾਰੀ ਚਿੰਨ ਭੇਂਟ ਕਰ ਕੇ ਸਨਮਾਨਤ ਕੀਤਾ।ਇਸ ਮੌਕੇ ਸ. ਕਾਹਲੋਂ ਨੇ ਵਫਦ ਨੂੰ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਇਸ ਅਸਥਾਨ ’ਤੇ ਦੇਸ਼-ਵਿਦੇਸ਼ ਦੀਆਂ ਸਤਿਕਾਰਤ ਹਸਤੀਆਂ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਂਦੀਆਂ ਹਨ।ਸ. ਕਾਹਲੋਂ ਨੇ ਦੱਸਿਆ ਕਿ ਅਮਰੀਕੀ ਵਫਦ ਨੇ ਉਹ ਰਸੋਈ ਘਰ ਤੇ ਲੰਗਰ ਹਾਲ ਵੇਖਣ ਦੀ ਵੀ ਇੱਛਾ ਜ਼ਾਹਰ ਕੀਤੀ ਜਿਥੇ ਕੋਰੋਨਾ ਕਾਲ ਵਿਚ ਰੋਜ਼ਾਨਾ 2 ਲੱਖ ਲੋਕਾਂ ਲਈ ਲੰਗਰ ਤਿਆਰ ਹੁੰਦਾ ਸੀ।ਇਸ ਮੌਕੇ ਸ. ਕਾਹਲੋਂ ਤੇ ਕਮੇਟੀ ਦੀ ਟੀਮ ਨੇ ਵਫਦ ਨੂੰ ਲੰਗਰ ਹਾਲ ਤੇ ਰਸੋਈ ਵੀ ਵਿਖਾਈ।ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਆਸ਼ੀਰਵਾਦ ਦੀ ਬਦੌਲਤ ਹੀ ਦਿੱਲੀ ਕਮੇਟੀ ਸੰਗਤਾਂ ਦੀ ਸੇਵਾ ਕਰ ਰਹੀ ਹੈ ਤੇ ਗੁਰੂ ਘਰਾਂ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਸੰਭਾਲ ਰਹੀ ਹੈ।