ਭੋਪਾਲ, 25 ਸਤੰਬਰ : ਮੱਧ ਪ੍ਰਦੇਸ਼ ‘ਚ ਭਾਜਪਾ ਦੀ ਵਿਸ਼ਾਲ ਰੈਲੀ ਕਾਰਜਕਰਾਤ ਮਹਾਕੁੰਭ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਨੇ ਮਜ਼ਬੂਰੀ ‘ਚ ਅੋਰਤਾਂ ਲਈ ਰਾਖਵਾਂਕਰਨ ਬਿੱਲ ਦੀ ਹਮਾਇਤ ਕੀਤੀ ਸੀ ਅਤੇ ਜੇਕਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਕਾਂਗਰਸ ਇਸ ਬਿੱਲ ਤੋਂ ਪਿੱਛੇ ਹਟ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਪਾਰਟੀ ਦੀ ਤੁਲਨਾ ਜੰਗਾਲੇ ਲੋਹੇ ਨਾਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਦੁਬਾਰਾ ਮੌਕਾ ਮਿਲਿਆ ਤਾਂ ਉਹ ਮੱਧ ਪ੍ਰਦੇਸ਼ ਨੂੰ ਬਿਮਾਰੂ ਸੂਬੇ ‘ਚ ਸ਼ਾਮਲ ਕਰ ਦੇਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਘਮੰਡੀਆ ਗਠਜੋੜ’ ’ਚ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਨੇ ‘ਖੱਟੇ ਮਨ’ ਅਤੇ ਮਜਬੂਰੀ ਨਾਲ ਔਰਤਾਂ ਲਈ ਰਾਖਵਾਂਕਰਨ ਬਿਲ ਦੀ ਹਮਾਇਤ ਕੀਤੀ ਕਿਉਂਕਿ ਹੁਣ ਉਨ੍ਹਾਂ ਨੂੰ ਔਰਤਾਂ ਦੀ ਤਾਕਤ ਸਮਝ ਆ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੌਕਾ ਮਿਲਿਆ ਤਾਂ ਕਾਂਗਰਸ ਇਸ ਬਿਲ ਤੋਂ ਪਿੱਛੇ ਹਟ ਜਾਵੇਗੀ ਜਿਸ ’ਚ ਸੰਸਦ ਅਤੇ ਸੂਬਾ ਵਿਧਾਨ ਸਭਾਵਾਂ ’ਚ ਔਰਤਾਂ ਨੂੰ 33 ਫ਼ੀ ਸਦੀ ਰਾਖਵਾਂਕਰਨ ਦੇਣ ਦਾ ਪ੍ਰਬੰਧ ਹੈ।ਜਨ ਸੰਘ ਦੇ ਸਹਿ-ਸੰਸਥਾਪਕ ਦੀਨਦਿਆਲ ਉਪਾਧਿਆਏ ਦੇ ਜਨਮ ਦਿਨ ’ਤੇ ਸੂਬੇ ’ਚ ਭਾਜਪਾ ਵਲੋਂ ਕਰਵਾਈ ‘ਜਨ ਆਸ਼ੀਰਵਾਦ ਯਾਤਰਾ’ ਦੀ ਰਸਮੀ ਸਮਾਪਤੀ ਮੌਕੇ ‘ਕਾਰਜਕਰਤਾ ਮਹਾਕੁੰਭ’ ਕੀਤਾ ਗਿਆ। ਇਹ ਯਾਤਰਾਵਾਂ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਹੋਈਆਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੇ ਮਜਬੂਰੀ ’ਚ ਔਰਤਾਂ ਲਈ ਰਾਖਵਾਂਕਰਨ ਬਿਲ ਦੀ ਹਮਾਇਤ ਕੀਤੀ ਅਤੇ ਬਿਲ ਸਿਰਫ ਇਸ ਲਈ ਪਾਸ ਕੀਤਾ ਗਿਆ ਕਿਉਂਕਿ ‘‘ਮੋਦੀ ਹੈ, ਤਾਂ ਮੁਮਕਿਨ ਹੈ। ਮੋਦੀ ਦਾ ਮਤਲਬ ਹੈ ਗਾਰੰਟੀਆਂ ਨੂੰ ਪੂਰਾ ਕਰਨ ਦੀ ਗਾਰੰਟੀ।’’ ਉਨ੍ਹਾਂ ਨੇ ਸੱਤਾ ’ਚ ਹੁੰਦਿਆਂ ਇਸ ਬਿਲ ਨੂੰ ਪਾਸ ਨਾ ਕਰਨ ਲਈ ਕਾਂਗਰਸ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦੀ ਵੀ ਆਲੋਚਨਾ ਕੀਤੀ। ਮੋਦੀ ਨੇ ਕਿਹਾ, ‘‘ਕਾਂਗਰਸ ਇਕ ਵੰਸ਼ਵਾਦੀ ਪਾਰਟੀ ਹੈ ਜਿਸ ਦਾ ਇਤਿਹਾਸ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਅਤੇ ਵੋਟ ਬੈਂਕ ਨੂੰ ਪਤਿਆਉਣ ਦਾ ਹੈ। ਕਾਂਗਰਸ ਨੂੰ ਬਚੇ ਹੋਏ ਭਵਿੱਖ ਦਾ ਕੋਈ ਅੰਦਾਜ਼ਾ ਨਹੀਂ ਹੈ। ਕਾਂਗਰਸ ਇਕ ਜੰਗਾਲਿਆ ਲੋਹਾ ਹੈ ਜੋ ਮੀਂਹ ’ਚ ਪਿਆ-ਪਿਆ ਖ਼ਤਮ ਹੋ ਜਾਂਦਾ ਹੈ।’’ ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ’ਚ ਨਾ ਤਾਂ ਦੇਸ਼ ਨੂੰ ਵੇਖਣ ਦੀ ਸਮਰੱਥਾ ਹੈ ਅਤੇ ਨਾ ਹੀ ਸਮਝਣ ਦੀ ਸਮਰੱਥਾ ਹੈ, ਇਸ ਲਈ ਤੁਸੀਂ ਵੇਖੋਗੇ ਕਿ ਕਾਂਗਰਸ ਵਿਕਸਤ ਭਾਰਤ ਨਾਲ ਜੁੜੇ ਹਰ ਪ੍ਰਾਜੈਕਟ ਦੀ ਆਲੋਚਨਾ ਕਰਦੀ ਹੈ।