ਪਰਗਨਾ, 12 ਜੁਲਾਈ : ਪਛਮੀ ਬੰਗਾਲ ਦੇ ਦਖਣੀ 24 ਪਰਗਨਾ ਜ਼ਿਲ੍ਹੇ ਵਿਚ ਇਕ ਗਿਣਤੀ ਕੇਂਦਰ ਦੇ ਬਾਹਰ ਹੋਈ ਝੜਪ ’ਚ ਆਈ.ਐਸ.ਐਫ. (ਇੰਡੀਅਨ ਸੈਕੂਲਰ ਫਰੰਟ) ਦੇ ਦੋ ਹਮਾਇਤੀਆਂ ਸਮੇਤ ਤਿੰਨ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਪਛਮੀ ਬੰਗਾਲ ਵਿਚ ਤਿੰਨ ਪੱਧਰੀ ਪੰਚਾਇਤ ਚੋਣਾਂ ਲਈ ਵੋਟਾਂ ਦੀ ਗਿਣਤੀ ਮੰਗਲਵਾਰ ਸਵੇਰ ਤੋਂ ਜਾਰੀ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਜਾਨ ਗੁਆਉਣ ਵਾਲੇ ਆਈ.ਐਸ.ਐਫ. ਹਮਾਇਤੀਆਂ ਦੀ ਪਛਾਣ ਰੇਜ਼ਉਲ ਗਾਜ਼ੀ ਅਤੇ ਹਸਨ ਮੁੱਲਾ ਵਜੋਂ ਹੋਈ ਹੈ। ਇਕ ਹੋਰ ਵਿਅਕਤੀ ਦੀ ਪਛਾਣ ਰਾਜੂ ਮੋਲਾ ਵਜੋਂ ਹੋਈ ਹੈ। ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਮੰਗਲਵਾਰ ਦੇਰ ਰਾਤ ਵਾਪਰੀ ਜਦੋਂ ਆਈ.ਐਸ.ਐਫ. ਦੇ ਮੈਂਬਰਾਂ ਨੇ ਕੋਲਕਾਤਾ ਤੋਂ ਲਗਭਗ 30 ਕਿਲੋਮੀਟਰ ਦੂਰ ਭੰਗੋਰ ਵਿਖੇ ਗਿਣਤੀ ਕੇਂਦਰ ਦੇ ਬਾਹਰ ਕਥਿਤ ਤੌਰ ’ਤੇ ਬੰਬ ਸੁੱਟੇ, ਜਿਸ ਤੋਂ ਬਾਅਦ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਪਛਮੀ ਬੰਗਾਲ ਵਿਚ 8 ਜੁਲਾਈ ਨੂੰ ਹੋਈਆਂ ਪੰਚਾਇਤੀ ਚੋਣਾਂ ਵਿਚ ਵਿਆਪਕ ਹਿੰਸਾ ਹੋਈ ਜਿਸ ਵਿਚ 15 ਲੋਕਾਂ ਦੀ ਮੌਤ ਹੋ ਗਈ। ਵੋਟਿੰਗ ਦੌਰਾਨ ਬੈਲਟ ਬਾਕਸਾਂ ਨੂੰ ਲੁੱਟਿਆ ਗਿਆ, ਬੈਲਟ ਪੇਪਰਾਂ ਨੂੰ ਅੱਗ ਲਾ ਦਿਤੀ ਗਈ ਅਤੇ ਕਈ ਥਾਵਾਂ ’ਤੇ ਵਿਰੋਧੀਆਂ ’ਤੇ ਬੰਬ ਵੀ ਸੁੱਟੇ ਗਏ।ਮਾਰੇ ਗਏ 15 ਲੋਕਾਂ ਵਿਚੋਂ 11 ਤ੍ਰਿਣਮੂਲ ਕਾਂਗਰਸ ਨਾਲ ਸਬੰਧਤ ਸਨ। 8 ਜੂਨ ਤੋਂ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਸੂਬੇ ’ਚ ਹਿੰਸਾ ’ਚ ਹੁਣ ਤਕ 33 ਲੋਕਾਂ ਦੀ ਜਾਨ ਜਾ ਚੁੱਕੀ ਹੈ। ਤ੍ਰਿਣਮੂਲ ਕਾਂਗਰਸ ਲਗਾਤਾਰ ਤੀਜੀ ਵਾਰ ਪੰਚਾਇਤੀ ਚੋਣਾਂ ਵਿਚ ਵੱਡੀ ਜਿੱਤ ਵਲ ਵਧ ਰਹੀ ਹੈ। ਕਲਕੱਤਾ ਹਾਈ ਕੋਰਟ ਨੇ ਅਪੀਲਾਂ ਨੂੰ ਖ਼ਾਰਜ ਕਰ ਦਿਤਾ ਜਿਸ ’ਚ ਮੰਗ ਕੀਤੀ ਗਈ ਸੀ ਕਿ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਕਰਨ ਲਈ ਸੰਵਿਧਾਨ ਅਤੇ ਕਾਨੂੰਨ ਦੇ ਬੁਨਿਆਦੀ ਸਿਧਾਂਤਾਂ ਦਾ ਪਾਲਦ ਨਾ ਕਰਨ ਕਾਰਨ 2023 ਦੀਆਂ ਪਛਮੀ ਬੰਗਾਲ ਚੋਣਾਂ ਨੂੰ ਨਾਜਾਇਜ਼ ਕਰਾਰ ਦਿਤਾ ਜਾਵੇ। ਅਦਾਲਤ ਨੇ ਸੂਬਾ ਚੋਣ ਕਮਿਸ਼ਨਰ ਨੂੰ ਹਟਾਉਣ ਦੀ ਪ੍ਰਾਰਥਨਾ ਨੂੰ ਵੀ ਇਹ ਕਹਿੰਦਿਆਂ ਖ਼ਾਰਜ ਕਰ ਦਿਤਾ ਕਿ ਅਜਿਹੀ ਪ੍ਰਾਰਥਨਾ ਮਨਜ਼ੂਰ ਕਰਨ ਯੋਗ ਨਹੀਂ ਹੈ ਕਿਉਂਕਿ ਇਹ ਇਕ ਆਜ਼ਾਦ ਸੰਵਿਧਾਨਿਕ ਸੰਸਥਾ ਹੈ।