
ਮਥੁਰਾ, 16 ਮਾਰਚ 2025 : ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ 'ਚ ਯਮੁਨਾ ਐਕਸਪ੍ਰੈਸ ਵੇਅ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜਿੱਥੇ ਨੋਇਡਾ ਵੱਲ ਜਾ ਰਹੀ ਇੱਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ, ਜਿਸ ਕਾਰਨ ਗੱਡੀ ਵਿੱਚ ਸਵਾਰ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਨੌਝੀਲ ਇਲਾਕੇ 'ਚ ਕਿਲੋਮੀਟਰ ਨੰਬਰ 63 ਨੇੜੇ ਵਾਪਰਿਆ। ਪੁਲਸ ਸੁਪਰਡੈਂਟ (ਦਿਹਾਤੀ) ਤ੍ਰਿਗੁਣ ਬਿਸੇਨ ਨੇ ਦੱਸਿਆ ਕਿ ਵਿਸ਼ੰਭਰਾ ਪਿੰਡ ਦਾ ਰਹਿਣ ਵਾਲਾ ਅਜ਼ਹਰੂਦੀਨ ਆਪਣੀ ਪਤਨੀ ਖੈਰੂਨੀਸ਼ਾ, ਜੀਜਾ ਅਰਸ਼ਦ, ਆਸਰੂ ਅਤੇ ਯਾਕੂਬ ਨਾਲ ਕਿਸੇ ਕੰਮ ਲਈ ਆਪਣੇ ਪਿੰਡ ਆਇਆ ਹੋਇਆ ਸੀ। ਉਸ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਜਦੋਂ ਉਹ ਵਾਪਸ ਜੇਵਰ ਵੱਲ ਆ ਰਿਹਾ ਸੀ ਤਾਂ ਉਸ ਦੀ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਅਧਿਕਾਰੀ ਨੇ ਦੱਸਿਆ ਕਿ ਹਾਦਸੇ 'ਚ ਉਸ ਦੀ ਪਤਨੀ ਯਾਕੂਬ ਅਤੇ ਆਸਰੂ ਦੀ ਮੌਤ ਹੋ ਗਈ ਜਦਕਿ ਅਜ਼ਹਰੂਦੀਨ ਅਤੇ ਅਰਸ਼ਦ ਗੰਭੀਰ ਜ਼ਖਮੀ ਹੋ ਗਏ। ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਅਜੇ ਤੱਕ ਮ੍ਰਿਤਕ ਦੀ ਉਮਰ ਦਾ ਪਤਾ ਨਹੀਂ ਲਗਾ ਸਕੀ ਹੈ।