ਉਦੈਪੁਰ : 13 ਦਿਨ ਪਹਿਲਾਂ ਸ਼ੁਰੂ ਹੋਏ ਉਦੈਪੁਰ-ਅਹਿਮਦਾਬਾਦ ਰੇਲਵੇ ਲਾਈਨ ‘ਤੇ ਬਣੇ ਪੁਲ ਨੂੰ ਸ਼ਨੀਵਾਰ ਦੇਰ ਰਾਤ ਅਣਪਛਾਤੇ ਲੋਕਾਂ ਨੇ ਬਲਾਸਟ ਕਰ ਦਿੱਤਾ। ਸ਼ਰਾਰਤੀ ਅਨਸਰਾਂ ਦੀ ਸਾਜ਼ਿਸ਼ ਪੁਲ ਨੂੰ ਉਡਾਉਣ ਅਤੇ ਰੇਲਵੇ ਟਰੈਕ ਨੂੰ ਤਬਾਹ ਕਰਨ ਦੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 31 ਅਕਤੂਬਰ ਨੂੰ ਹੀ ਇਸ ਲਾਈਨ ਦਾ ਉਦਘਾਟਨ ਕੀਤਾ ਸੀ। ਸਭ ਤੋਂ ਪਹਿਲਾਂ ਸਥਾਨਕ ਲੋਕਾਂ ਨੇ ਇੱਥੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ। ਮੌਕੇ ਤੋਂ ਬਾਰੂਦ ਵੀ ਮਿਲਿਆ ਹੈ। ਧਮਾਕੇ ਕਾਰਨ ਪਟੜੀਆਂ ‘ਤੇ ਤਰੇੜਾਂ ਆ ਗਈਆਂ ਹਨ। ਧਮਾਕੇ ਤੋਂ ਕਰੀਬ 4 ਘੰਟੇ ਪਹਿਲਾਂ ਟਰੇਨ ਇਸ ਟ੍ਰੈਕ ਤੋਂ ਲੰਘੀ ਸੀ। ਘਟਨਾ ਤੋਂ ਬਾਅਦ ਅਹਿਮਦਾਬਾਦ ਤੋਂ ਉਦੈਪੁਰ ਆ ਰਹੀ ਟਰੇਨ ਨੂੰ ਡੂੰਗਰਪੁਰ ‘ਚ ਹੀ ਰੋਕ ਦਿੱਤਾ ਗਿਆ ਹੈ। ਜ਼ਿਲ੍ਹਾ ਕੁਲੈਕਟਰ ਤਾਰਾਚੰਦ ਮੀਨਾ ਨੇ ਕਿਹਾ ਕਿ ਡੇਟੋਨੇਟਰ ਨਾਲ ਪੁਲ ਨੂੰ ਉਡਾਉਣ ਦੀ ਸਾਜ਼ਿਸ਼ ਸਾਹਮਣੇ ਆਈ ਹੈ। ਜਲਦ ਹੀ ਦੋਸ਼ੀ ਫੜੇ ਜਾਣਗੇ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪੁਲਿਸ ਡਾਇਰੈਕਟਰ ਜਨਰਲ ਉਮੇਸ਼ ਮਿਸ਼ਰਾ ਨੂੰ ਵੀ ਵਿਸਥਾਰਤ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਰਾਜਸਥਾਨ ਪੁਲਿਸ ਦਾ ਐਂਟੀ ਟੈਰਰਿਸਟ ਸਕੁਐਡ (ਏਟੀਐਸ) ਮੌਕੇ ‘ਤੇ ਪਹੁੰਚ ਗਿਆ ਹੈ। ਏਟੀਐਸ ਅੱਤਵਾਦੀ ਸਾਜ਼ਿਸ਼ ਦੇ ਐਂਗਲ ਤੋਂ ਜਾਂਚ ਕਰ ਰਹੀ ਹੈ। ਉਦੈਪੁਰ ਦੇ ਐਸਪੀ ਵਿਕਾਸ ਸ਼ਰਮਾ ਨੇ ਕਿਹਾ ਕਿ ਸ਼ੁਰੂਆਤੀ ਤੌਰ ‘ਤੇ ਅਜਿਹਾ ਲੱਗਦਾ ਹੈ ਕਿ ਧਮਾਕਾ ਪੂਰੀ ਯੋਜਨਾਬੰਦੀ ਤੋਂ ਬਾਅਦ ਕੀਤਾ ਗਿਆ ਹੈ। ਡੈਟੋਨੇਟਰ ਸੁਪਰ 90 ਸ਼੍ਰੇਣੀ ਦਾ ਹੈ। ਬੰਬ ਦਸਤੇ ਅਤੇ ਫੋਰੈਂਸਿਕ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ। ਦੱਸਿਆ ਜਾ ਰਿਹਾ ਹੈ ਕਿ ਸਥਾਨਕ ਪਿੰਡ ਵਾਸੀਆਂ ਦੀ ਜਾਗਰੂਕਤਾ ਕਾਰਨ ਇਸ ਨਵੇਂ ਰਸਤੇ ‘ਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਘਟਨਾ ਉਦੈਪੁਰ ਤੋਂ ਕਰੀਬ 35 ਕਿਲੋਮੀਟਰ ਦੂਰ ਸਲੂੰਬਰ ਰੋਡ ‘ਤੇ ਕੇਵੜੇ ਕੀ ਨਾਲ ਦੇ ਓਧਾ ਰੇਲਵੇ ਪੁਲ ਦੀ ਹੈ। ਜਿੱਥੇ ਸ਼ਨੀਵਾਰ ਰਾਤ ਕਰੀਬ 10 ਵਜੇ ਪਿੰਡ ਵਾਸੀਆਂ ਨੇ ਧਮਾਕੇ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਕੁਝ ਨੌਜਵਾਨ ਤੁਰੰਤ ਟਰੈਕ ‘ਤੇ ਪਹੁੰਚ ਗਏ ਅਤੇ ਉਥੇ ਸਥਿਤੀ ਦੇਖ ਕੇ ਹੱਕੇ-ਬੱਕੇ ਰਹਿ ਗਏ।ਪੁਲ ‘ਤੇ ਲਾਈਨ ਤੋਂ ਨਟ-ਬੋਲਟ ਵੀ ਗਾਇਬ ਪਾਏ ਗਏ। ਟਰੈਕ ‘ਤੇ ਲੋਹੇ ਦੀ ਪਤਲੀ ਚਾਦਰ ਵੀ ਉਖੜੀ ਹੋਈ ਮਿਲੀ। ਪਿੰਡ ਵਾਲਿਆਂ ਦੀ ਸੂਚਨਾ ਤੋਂ ਬਾਅਦ ਟਰੈਕ ‘ਤੇ ਆਵਾਜਾਈ ਰੋਕ ਦਿੱਤੀ ਗਈ, ਨਹੀਂ ਤਾਂ ਕਈ ਜਾਨਾਂ ਨੂੰ ਖ਼ਤਰਾ ਹੋ ਸਕਦਾ ਸੀ।