ਨਵੀਂ ਦਿੱਲੀ : ਦਿੱਲੀ ਵਿੱਚ ਇਕ ਅਜਿਹੀ ਦਰਦਨਾਇਕ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਲੜਕੇ ਨੇ ਲੜਕੀ ਦੇ 35 ਟੁਕੜੇ ਕਰਕੇ ਵੱਖ ਵੱਖ ਥਾਵਾਂ ਉਤੇ ਸੁੱਟ ਦਿੱਤੇ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਿੱਚ ਕਰੀਬ 5 ਮਹੀਨੇ ਪਹਿਲਾਂ ਆਪਣੀ 26 ਸਾਲਾ ਲਿਵ ਇਨ ਪਾਰਟਨਰ (ਬਿਨਾਂ ਵਿਆਹ ਤੋਂ ਨਾਲ ਰਹਿਣਾ) ਸ਼ਰਧਾ ਵਾਕਰ ਦੀ ਹੱਤਿਆ ਅਤੇ ਫਿਰ ਲਾਸ਼ ਨੂੰ ਗਾਇਬ ਕਰਨ ਦਾੇ ਦੋਸ਼ ‘ਚ ਆਫਤਾਬ ਅਮੀਨ ਪੂਨਾਵਾਲਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਦੇ ਟੁਕੜਿਆਂ ਨੂੰ ਲੱਭਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ 28 ਸਾਲਾ ਅਫਤਾਬ ਨੇ ਸ਼ਰਧਾ ਦਾ ਕਤਲ ਕਰਕੇ ਉਸਦੀ ਲਾਸ਼ ਦੇ 35 ਟੁਕੜੇ ਕੀਤੇ ਸਨ ਅਤੇ ਦਿੱਲੀ ਦੇ ਵੱਖ ਵੱਖ ਥਾਵਾਂ ਉੱਤੇ ਸੁੱਟ ਦਿੱਤੇ। 8 ਨਵੰਬਰ ਨੂੰ 59 ਸਾਲਾ ਵਿਕਾਸ ਮਦਾਨ ਨੇ ਆਪਣੀ ਧੀ ਦੇ ਅਗਵਾ ਹੋਣ ਸਬੰਧੀ ਦਿੱਲੀ ਦੇ ਮਹਰੌਲੀ ਥਾਣੇ ਵਿੱਚ ਐਫ ਆਈ ਆਰ ਦਰਜ ਕਰਵਾਈ ਸੀ। 26 ਸਾਲਾ ਲੜਕੀ ਸ਼ਰਧਾ ਵਾਕਰ ਮੁੰਬਈ ਦੇ ਇਕ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਦੀ ਸੀ, ਜਿੱਥੇ ਉਸਦੀ ਆਫਤਾਬ ਨਾਲ ਮੁਲਾਕਾਤ ਹੋਈ। ਦੋਵੇਂ ਜਾਣੇ ਇਕ ਦੂਜੇ ਨੂੰ ਪਸੰਦ ਕਰਦੇ ਸਨ ਅਤੇ ਬਿਨਾਂ ਵਿਆਹ ਕਰਵਾਏ ਉਹ ਰਹਿਣ ਲਗੇ। ਜਦੋਂ ਪਰਿਵਾਰ ਨੂੰ ਇਸ ਸਬੰਧੀ ਪਤਾ ਚੱਲਿਆ ਤਾਂ ਵਿਰੋਧ ਕੀਤਾ ਗਿਆ। ਇਸ ਵਿਰੋਧ ਤੋਂ ਬਾਅਦ ਦੋਵਾਂ ਜਾਣਿਆਂ ਅਚਾਨਕ ਮੁੰਬਈ ਛੱਡ ਦਿੱਤੀ। ਪੁਲਿਸ ਨੇ ਦੱਸਿਆ ਕਿ ਦੋਸ਼ੀ ਆਫਤਾਬ ਨੂੰ ਫੜ੍ਹ ਲਿਆ ਹੈ ਲਗਾਤਾਰ ਪਹਿਲਾਂ ਤਾਂ ਬੋਲਦਾ ਰਿਹਾ ਕਿ ਲੜਕੀ ਕਈ ਮਹੀਨੇ ਪਹਿਲਾਂ ਚਲੀ ਗਈ, ਇੱਥੇ ਨਹੀਂ ਹੈ। ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ। ਪੁਲਿਸ ਮੁਤਾਬਕ ਆਫਤਾਬ ਨੇ ਦੱਸਿਆ ਕਿ ਵਿਆਹ ਕਰਨ ਨੂੰ ਲੈ ਕੇ ਅਕਸਰ ਸ਼ਰਧਾ ਉਸ ਉਤੇ ਦਬਾਅ ਬਣਾਉਂਦੀ ਸੀ। ਇਸ ਉਤੇ ਦੋਵਾਂ ਵਿਚ ਝਗੜਾ ਹੁੰਦਾ ਸੀ। ਬੀਤੇ 18 ਮਈ ਨੂੰ ਝਗੜੇ ਦੌਰਾਨ ਉਸਨੇ ਸ਼ਰਧਾ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਚਾਪੜ ਨਾਲ ਕਈ ਟੁਕੜਿਆਂ ਵਿੱਚ ਵੱਢਿਆ ਅਤੇ ਦਿੱਲੀ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਸੁੱਟ ਦਿੱਤਾ। ਉਸਨੇ ਇਹ ਵੀ ਕਬੂਲ ਕੀਤਾ ਕਿ ਉਹ ਰੋਜ਼ਾਨਾ ਰਾਤ 2 ਵਜੇ ਫਲੈਟ ਤੋਂ ਨਿਕਲਦਾ ਸੀ ਅਤੇ 18 ਦਿਨ ਤੱਕ ਲਾਸ਼ ਦੇ ਟੁਕੜਿਆਂ ਨੂੰ ਅਲੱਗ ਅਲੱਗ ਥਾਵਾਂ ਉਤੇ ਜਾ ਕੇ ਸੁੱਟਦਾ ਰਿਹਾ। ਉਸਨੇ ਲਾਸ਼ ਨੂੰ ਰੱਖਣ ਲਈ ਇਕ 300 ਲੀਟਰ ਦਾ ਵੱਡਾ ਫਰਿੱਜ਼ ਵੀ ਖਰੀਦਿਆ ਸੀ। ਘਰ ਵਿੱਚ ਲਾਸ਼ ਦੀ ਬਦਬੂ ਨਾ ਫੈਲੇ ਇਸ ਲਈ ਅਗਰਬੱਤੀ ਚਲਾਉਂਦਾ ਸੀ। ਪੁਲਿਸ ਨੇ ਕਿਹਾ ਕਿ ਕੁਝ ਟੁਕੜੇ ਬਰਾਮਦ ਕੀਤੇ ਹਨ, ਪ੍ਰੰਤੂ ਅਜੇ ਕਹਿ ਨਹੀਂ ਸਕਦੇ ਕਿ ਉਹ ਇਨਸਾਨ ਦੇ ਸ਼ਰੀਰ ਦੇ ਟੁਕੜੇ ਹਨ ਜਾਂ ਨਹੀਂ।