ਪੱਛਮੀ ਬੰਗਾਲ : ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਆਗੂ ਦੇ ਘਰ ਦੇਰ ਰਾਤ ਬੰਬ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਘਟਨਾ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹ ਬੰਬ ਧਮਾਕਾ ਅੱਜ ਮੇਦਿਨੀਪੁਰ ਵਿੱਚ ਟੀਐਮਸੀ ਜਨਰਲ ਸਕੱਤਰ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੀ ਰੈਲੀ ਤੋਂ ਪਹਿਲਾਂ ਹੋਇਆ ਹੈ। ਉਹ ਮੇਦਿਨੀਪੁਰ ਦੇ ਕੋਂਟਾਈ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਵਾਲੇ ਹਨ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਮੇਦੀਨੀਪੁਰ ਦੇ ਭੂਪਤੀ ਨਗਰ ਥਾਣਾ ਖੇਤਰ ਦੇ ਅਧੀਨ ਅਰਜੁਨ ਨਗਰ ਇਲਾਕੇ ‘ਚ ਵਾਪਰੀ ਹੈ । ਇੱਥੇ ਰਹਿਣ ਵਾਲੇ ਟੀਐਮਸੀ ਦੇ ਬੂਥ ਪ੍ਰਧਾਨ ਰਾਜਕੁਮਾਰ ਮੰਨਾ ਦੇ ਘਰ ਰਾਤ ਨੂੰ ਧਮਾਕਾ ਹੋਇਆ ਹੈ । ਇਸ ਤੋਂ ਬਾਅਦ ਪੁਲਿਸ ਨੇ ਮੌਕੇ ਤੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਹਨ । ਦੱਸਿਆ ਜਾ ਰਿਹਾ ਹੈ ਕਿ ਟੀਐਮਸੀ ਨੇਤਾ ਦੇ ਘਰ ‘ਤੇ ਕੱਚੇ ਬੰਬ ਨਾਲ ਧਮਾਕਾ ਹੋਇਆ ਹੈ। ਧਮਾਕੇ ਵਿੱਚ ਟੀਐਮਸੀ ਵਰਕਰ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਪੁਲਿਸ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 11 ਵਜੇ ਵਾਪਰੀ। ਦੂਜੇ ਪਾਸੇ ਭਾਜਪਾ ਨੇ ਮਾਮਲੇ ਦੀ ਐਨਆਈਏ ਜਾਂਚ ਦੀ ਮੰਗ ਕੀਤੀ ਹੈ। ਦੋਸ਼ ਹੈ ਕਿ ਟੀਐਮਸੀ ਦੇ ਬੂਥ ਪ੍ਰਧਾਨ ਦੇ ਘਰ ਬੰਬ ਬਣਾਇਆ ਜਾ ਰਿਹਾ ਸੀ।