
- ਓਡੀਸ਼ਾ 'ਚ ਬੱਸ ਪਲਟਣ ਕਾਰਨ 4 ਦੀ ਮੌਤ, ਭਰੂਚ 'ਚ ਕੈਮੀਕਲ ਪਲਾਂਟ ਵਿੱਚ ਜ਼ਹਿਰੀਲੀ ਗੈਸ ਹੋਈ ਲੀਕ, 4 ਮਜ਼ਦੂਰਾਂ ਦੀ ਮੌਤ
ਕੋਰਾਪੁਟ, 29 ਦਸੰਬਰ 2024 : ਓਡੀਸ਼ਾ ਦੇ ਪਹਾੜੀ ਕੋਰਾਪੁਟ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਇੱਕ ਬੱਸ ਪਲਟਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਜਦਕਿ 40 ਹੋਰ ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਕਟਕ ਦੇ ਨਿਯਾਲੀ ਤੋਂ ਇਕ ਬੱਸ ਕਰੀਬ 50 ਸ਼ਰਧਾਲੂਆਂ ਨੂੰ ਲੈ ਕੇ ਗੁਪਤੇਸ਼ਵਰ ਮੰਦਰ ਜਾ ਰਹੀ ਸੀ। ਸਵੇਰੇ ਕਰੀਬ 5.30 ਵਜੇ ਬੋਇਪਰੀਗੁਡਾ ਥਾਣਾ ਖੇਤਰ ਦੇ ਗੁਪਤੇਸ਼ਵਰ ਨੇੜੇ ਡੋਕਰੀਘਾਟ 'ਤੇ ਪਹਾੜੀ ਸੜਕ 'ਤੇ ਇਕ ਤੇਜ਼ ਮੋੜ 'ਤੇ ਬੱਸ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ। ਇਸ ਕਾਰਨ ਬੱਸ ਪਲਟ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ 12 ਸਾਲਾ ਲੜਕਾ ਵੀ ਸ਼ਾਮਲ ਹੈ। ਬੀਐਸਐਫ ਅਤੇ ਪੁਲਿਸ ਨੇ ਜ਼ਖਮੀ ਯਾਤਰੀਆਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਬੋਪਾਰੀਗੁਡਾ ਹਸਪਤਾਲ ਵਿੱਚ ਭਰਤੀ ਕਰਵਾਇਆ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਕਈਆਂ ਦੀਆਂ ਬਾਹਾਂ ਅਤੇ ਲੱਤਾਂ ਟੁੱਟ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿੱਚ ਕਈ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਮੌਤਾਂ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਲਈ 2 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਗੰਭੀਰ ਜ਼ਖ਼ਮੀਆਂ ਦਾ ਬਿਹਤਰ ਇਲਾਜ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ।
ਭਰੂਚ ਵਿੱਚ ਕੈਮੀਕਲ ਪਲਾਂਟ ਵਿੱਚ ਜ਼ਹਿਰੀਲੀ ਗੈਸ ਹੋਈ ਲੀਕ, 4 ਮਜ਼ਦੂਰਾਂ ਦੀ ਮੌਤ
ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਦਹੇਜ ਵਿੱਚ ਇੱਕ ਕੈਮੀਕਲ ਪਲਾਂਟ ਵਿੱਚ ਜ਼ਹਿਰੀਲੀ ਗੈਸ ਲੀਕ ਹੋ ਗਈ। ਇਸ ਹਾਦਸੇ ਵਿੱਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ ਇੰਸਪੈਕਟਰ ਬੀ.ਐੱਮ. ਪਾਟੀਦਾਰ ਨੇ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 10 ਵਜੇ ਗੁਜਰਾਤ ਫਲੋਰੋਕੈਮੀਕਲਸ ਲਿਮਟਿਡ (ਜੀਐੱਫਐੱਲ) ਪਲਾਂਟ 'ਚ ਇਕ ਪਾਈਪ 'ਚੋਂ ਜ਼ਹਿਰੀਲੇ ਧੂੰਏਂ ਦੇ ਨਿਕਲਣ ਕਾਰਨ ਕਰਮਚਾਰੀ ਬੇਹੋਸ਼ ਹੋ ਗਏ। ਚਾਰੇ ਮਜ਼ਦੂਰਾਂ ਨੂੰ ਭਰੂਚ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਚਾਰੇ ਮਜ਼ਦੂਰਾਂ ਦੀ ਐਤਵਾਰ ਸਵੇਰੇ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਘਟਨਾ ਦੀ ਜਾਂਚ ਜਾਰੀ ਹੈ।