
ਸ੍ਰੀਨਗਰ, 23 ਮਾਰਚ 2025 : ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲੇ ਦੇ ਗੁੰਡ ਕੰਗਨ ਇਲਾਕੇ 'ਚ ਐਤਵਾਰ ਨੂੰ ਇਕ ਸੜਕ ਹਾਦਸੇ 'ਚ ਤਿੰਨ ਸੈਲਾਨੀਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਮੁਤਾਬਕ ਜ਼ਿਲ੍ਹੇ ਦੇ ਗੁੰਡ ਕੰਗਨ ਇਲਾਕੇ 'ਚ ਕਾਰ (ਟੋਇਟਾ ਈਟਿਓਸ) ਦੀ ਬੱਸ ਨਾਲ ਟੱਕਰ ਹੋ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਹਾਦਸੇ ਵਿੱਚ ਤਿੰਨ ਸੈਲਾਨੀਆਂ ਅਤੇ ਇੱਕ ਡਰਾਈਵਰ ਦੀ ਮੌਤ ਹੋ ਗਈ। ਜਦਕਿ 17 ਹੋਰ ਜ਼ਖਮੀ ਹੋ ਗਏ। ਸੂਚਨਾ ਤੋਂ ਬਾਅਦ ਐਮਰਜੈਂਸੀ ਰਿਸਪਾਂਸ ਟੀਮ ਪੀੜਤਾਂ ਦੀ ਮਦਦ ਲਈ ਤੁਰੰਤ ਮੌਕੇ 'ਤੇ ਪਹੁੰਚ ਗਈ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਰਾਮਬਨ ਵਿੱਚ 22 ਮਾਰਚ ਨੂੰ ਤਾਜ਼ੀਆਂ ਸਬਜ਼ੀਆਂ ਲੈ ਕੇ ਜਾ ਰਿਹਾ ਇੱਕ ਲੋਡ ਕੈਰੀਅਰ ਸੜਕ ਤੋਂ ਤਿਲਕ ਕੇ ਡੂੰਘੀ ਖਾਈ ਵਿੱਚ ਡਿੱਗ ਗਿਆ ਸੀ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਵਿੱਚ ਡਰਾਈਵਰ ਅਤੇ ਸਹਿ-ਡਰਾਈਵਰ ਸਨ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਡਰਾਈਵਰ ਇਰਸ਼ਾਦ ਅਹਿਮਦ ਅਤੇ ਉਸ ਦਾ ਸਹਾਇਕ ਸੇਵਾ ਸਿੰਘ ਸਬਜ਼ੀ ਲੈ ਕੇ ਆਪਣੇ ਪਿੰਡ ਉਖਰਾਲ ਪੋਗਲ-ਪਾਰਿਸਤਾਨ ਜਾ ਰਹੇ ਸਨ। ਫਿਰ ਇਹ ਹਾਦਸਾ ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇ 'ਤੇ ਬੈਟਰੀ ਚਸ਼ਮਾ ਨੇੜੇ ਵਾਪਰਿਆ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ, ਸੀਆਰਪੀਐਫ ਅਤੇ ਸਥਾਨਕ ਵਲੰਟੀਅਰਾਂ ਨੇ ਮੌਕੇ 'ਤੇ ਪਹੁੰਚ ਕੇ ਕਈ ਸੌ ਫੁੱਟ ਡੂੰਘੀ ਖਾਈ 'ਚੋਂ ਦੋ ਲਾਸ਼ਾਂ ਨੂੰ ਬਾਹਰ ਕੱਢਿਆ। ਅਧਿਕਾਰੀ ਨੇ ਕਿਹਾ ਸੀ ਕਿ ਪੋਸਟਮਾਰਟਮ ਅਤੇ ਹੋਰ ਕਾਨੂੰਨੀ ਰਸਮਾਂ ਤੋਂ ਬਾਅਦ ਦੋਵੇਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਥਾਣਾ ਸਦਰ ਵਿਖੇ ਧਾਰਾ 281/106 ਬੀ.ਐਨ.ਐਸ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।