
ਦੇਹਰਾਦੂਨ, 24 ਮਾਰਚ 2025 : ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਲਛੀਵਾਲਾ ਟੋਲ ਪਲਾਜ਼ਾ 'ਤੇ ਇੱਕ ਟਰੱਕ ਦੀ ਬ੍ਰੇਕ ਫੇਲ ਹੋ ਗਈ ਤਾਂ ਇਸ ਨੇ ਅੱਗੇ ਕਤਾਰ ਵਿੱਚ ਖੜ੍ਹੇ ਵਾਹਨਾਂ ਨੂੰ ਕੁਚਲ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਰੂਹ ਕੰਬਾਉਣ ਵਾਲੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਸੋਮਵਾਰ ਸਵੇਰੇ ਵਾਪਰੇ ਇਸ ਹਾਦਸੇ ਬਾਰੇ ਸਥਾਨਕ ਪੁਲਿਸ ਨੇ ਦੱਸਿਆ ਕਿ ਦੇਹਰਾਦੂਨ-ਹਰਿਦੁਆਰ ਹਾਈਵੇਅ 'ਤੇ ਲਛੀਵਾਲਾ ਟੋਲ ਪਲਾਜ਼ਾ 'ਤੇ ਇੱਕ ਡੰਪਰ ਨੇ 3 ਕਾਰਾਂ ਨੂੰ ਟੱਕਰ ਮਾਰ ਦਿੱਤੀ। ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਟਰੱਕ ਦੀ ਬ੍ਰੇਕ ਫੇਲ ਹੋ ਗਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਵਿੱਚ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ ਕਰੀਬ 8:15 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟੋਲ ਪਲਾਜ਼ਾ 'ਤੇ ਡੰਪਰ ਅਤੇ ਖੰਭੇ ਵਿਚਕਾਰ ਇਕ ਕਾਰ ਬੁਰੀ ਤਰ੍ਹਾਂ ਨਾਲ ਕੁਚਲ ਗਈ। ਜਦਕਿ 2 ਹੋਰ ਕਾਰਾਂ ਡੰਪਰ ਦੇ ਹੇਠਾਂ ਦੱਬ ਗਈਆਂ। ਇਸ ਹਾਦਸੇ 'ਚ ਕਾਰ 'ਚ ਸਵਾਰ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਅਤੇ SDRF ਨੇ ਮੌਕੇ 'ਤੇ ਬਚਾਅ ਕਾਰਜ ਚਲਾਇਆ। ਕਾਰ ਵਿੱਚ ਸਵਾਰ ਮ੍ਰਿਤਕਾਂ ਦੀ ਪਛਾਣ ਰਤਨਮਣੀ ਉਨਿਆਲ ਵਾਸੀ ਇੰਦਰਪ੍ਰਸਥ ਐਨਕਲੇਵ, ਨੰਬਰ 6 ਪੁਲੀਆ ਰਾਏਪੁਰ ਅਤੇ ਪੰਕਜ ਕੁਮਾਰ ਪੁੱਤਰ ਕਿਸ਼ੋਰੀ ਲਾਲ ਪੰਵਾਰ ਵਜੋਂ ਹੋਈ ਹੈ। ਪੁਲਸ ਨੇ ਦੋਹਾਂ ਦੀ ਮੌਤ ਦੀ ਸੂਚਨਾ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ। ਦੋਵੇਂ ਮ੍ਰਿਤਕ ਟੀਹਰੀ ਜ਼ਿਲ੍ਹੇ ਦੀ ਜ਼ਿਲ੍ਹਾ ਅਦਾਲਤ ਵਿੱਚ ਨਿਯੁਕਤ ਸਨ। ਇਹ ਦੋਵੇਂ ਅੱਜ ਆਪਣੇ ਘਰ ਤੋਂ ਟਿਹਰੀ ਲਈ ਰਵਾਨਾ ਹੋਏ ਸਨ ਕਿ ਰਸਤੇ ਵਿੱਚ ਉਨ੍ਹਾਂ ਦਾ ਹਾਦਸਾ ਹੋ ਗਿਆ। ਪੁਲੀਸ ਅਨੁਸਾਰ ਡੰਪਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਏ.ਆਰ.ਟੀ.ਓ ਰਿਸ਼ੀਕੇਸ਼ ਨੇ ਵੀ ਡੰਪਰ ਦੇ ਸਾਰੇ ਕਾਗਜ਼ਾਂ ਦੀ ਜਾਂਚ ਕੀਤੀ ਜੋ ਸਹੀ ਪਾਏ ਗਏ। ਉਧਰ, ਡੰਪਰ ਵਿੱਚ ਲੱਦਿਆ ਮਾਈਨਿੰਗ ਸਮੱਗਰੀ ਦੇ ਕਾਗਜ਼ਾਤ ਵੀ ਜਾਂਚੇ ਜਾ ਰਹੇ ਹਨ।