ਜਿਰੀਬਾਮ, 12 ਨਵੰਬਰ 2024 : ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ’ਚ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ’ਚ 11 ਸ਼ੱਕੀ ਅੱਤਵਾਦੀ ਮਾਰੇ ਗਏ। ਬੋਰੋਬੇਕਰਾ ਸਬ ਡਵੀਜ਼ਨ ਦੇ ਜਕੁਰਾਡੋਰ ਕਰੋਂਗ ’ਚ ਇਹ ਮੁਕਾਬਲਾ ਹੋਇਆ, ਜਿਸ ਵਿਚ ਸੀਆਰਪੀਐੱਫ ਦੇ ਦੋ ਜਵਾਨ ਵੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਜਕੁਰਾਡੋਰ ਕਰੋਂਗ ’ਚ ਆਧੁਨਿਕ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਕੁਝ ਮਕਾਨਾਂ ’ਤੇ ਹਮਲਾ ਕਰਨ ਦੇ ਇਲਾਵਾ ਕਈ ਦੁਕਾਨਾਂ ’ਚ ਅੱਗ ਲਗਾ ਦਿੱਤੀ ਤੇ ਸੀਆਰਪੀਐੱਫ ਕੈਂਪ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸਦੇ ਬਾਅਦ ਸੁਰੱਖਿਆ ਦਸਤਿਆਂ ਨੇ ਜਵਾਬੀ ਕਾਰਵਾਈ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਪਾਸਿਓਂ ਕਰੀਬ ਇਕ ਘੰਟੇ ਤੱਕ ਗੋਲੀਬਾਰੀ ਹੋਈ। ਇਲਾਕੇ ’ਚ ਤਣਾਅ ਨੂੰ ਦੇਖਦੇ ਹੋਏ ਚੱਪੇ-ਚੱਪੇ ’ਤੇ ਸੁਰੱਖਿਆ ਦਸਤਿਆਂ ਦੀ ਮੁਸਤੈਦੀ ਵਧਾ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਹਮਲੇ ਦੇ ਬਾਅਦ ਇਲਾਕੇ ਤੋਂ ਪੰਜ ਨਾਗਰਿਕ ਲਾਪਤਾ ਹਨ। ਇਹ ਸਪਸ਼ਟ ਨਹੀਂ ਹੈ ਕਿ ਅੱਤਵਾਦੀਆਂ ਨੇ ਉਨ੍ਹਾਂ ਨੂੰ ਅਗਵਾ ਕੀਤਾ ਹੈ ਜਾਂ ਹਮਲਾ ਸ਼ੁਰੂ ਹੋਣ ਦੇ ਬਾਅਦ ਲੁਕੇ ਹੋਏ ਹਨ। ਉਨ੍ਹਾਂ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਬੋਰੋਬੇਕਰਾ ਪੁਲਿਸ ਥਾਣੇ ’ਚ ਲਿਆਂਦਾ ਗਿਆ ਹੈ। ਜ਼ਖਮੀ ਸੀਆਰਪੀਐੱਫ ਦੇ ਦੋ ਜਵਾਨਾਂ ’ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਮਨੀਪੁਰ ਦੇ ਇੰਫਾਲ ਪੂਰਬੀ ਜ਼ਿਲ੍ਹੇ ’ਚ ਅੱਤਵਾਦੀਆਂ ਦੀ ਗੋਲਾਬਾਰੀ ’ਚ ਖੇਤ ’ਚ ਕੰਮ ਕਰ ਰਿਹਾ ਇਕ ਕਿਸਾਨ ਜ਼ਖਮੀ ਹੋ ਗਿਆਸੀ। ਜਾਤੀ ਹਿੰਸਾ ’ਚ ਝੁਲਸ ਰਹੇ ਮਨੀਪੁਰ ਦੀ ਇੰਫਾਲ ਘਾਟੀ ’ਚ ਕਿਸਾਨਾਂ ’ਤੇ ਪਹਾੜੀ ਇਲਾਕਿਆਂ ਦੇ ਅੱਤਵਾਦੀਆਂ ਵਲੋਂ ਲਗਾਤਾਰ ਤੀਜੇ ਦਿਨ ਹਮਲਾ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਹਮਲਿਆਂ ਦੇ ਕਾਰਨ ਘਾਟੀ ਦੇ ਬਾਹਰੀ ਇਲਾਕਿਆਂ ’ਚ ਰਹਿਣ ਵਾਲੇ ਕਈ ਕਿਸਾਨ ਖੇਤਾਂ ’ਚ ਜਾਣ ਤੋਂ ਡਰ ਰਹੇ ਹਨ ਤੇ ਇਸ ਨਾਲ ਝੋਨੇ ਦੀ ਫਸਲ ਦੀ ਕਟਾਈ ਪ੍ਰਭਾਵਿਤ ਹੋ ਰਹੀ ਹੈ। ਮਨੀਪੁਰ ਦੇ ਪਹਾੜੀ ਤੇ ਘਾਟੀ ਜ਼ਿਲ੍ਹਿਆਂ ’ਚ ਪਿਛਲੇ ਤਿੰਨ ਦਿਨਾਂ ਦੇ ਅੰਦਰ ਤਲਾਸ਼ੀ ਅਭਿਆ੍ਵ ਦੌਰਾਨ ਸੁਰੱਖਿਆ ਦਸਤਿਆਂ ਨੇ ਕਈ ਹਥਿਆਰ, ਗੋਲਾ ਬਰਾਦੂ ਤੇ ਆਈਈਡੀ ਜ਼ਬਤ ਕੀਤੇ ਹਨ। ਅਸਾਮ ਰਾਈਫਲਸ ਤੇ ਮਨੀਪੁਰ ਪੁਲਿਸ ਦੀ ਇਕ ਸਾਂਝੀ ਟੀਮ ਨੇ ਚੂੜਚੰਦਰਪੁਰ ਜ਼ਿਲ੍ਹੇ ਦੇ ਐੱਲ ਖੋਨੋਮਪਾਈ ਪਿੰਡ ਨਾਲ ਲੱਗੇ ਜੰਗਲ ’ਚ ਇਕ ਕਾਰਵਾਈ ਦੌਰਾਨ ਇਕ .303 ਰਾਈਫਲ, ਦੋ ਨੌ ਐੱਮਐੱਮ ਪਿਸਤੌਲਾਂ, ਛੇ 12 ਸਿੰਗਲ ਬੈਰਲ ਰਾਈਫਲਾਂ, ਇਕ .22 ਰਾਈਫਲ, ਗੋਲਾ ਬਾਰੂਦ ਤੇ ਹੋਰ ਜੰਗ ਸਬੰਧੀ ਸਾਮਾਨ ਜ਼ਬਤ ਕੀਤਾ ਹੈ। ਕਾਂਗਪੋਕਪੀ ਜ਼ਿਲ੍ਹੇ ਦੇ ਐੱਸ ਚੌਂਗੌਬੰਗ ਤੇ ਮਾਓਹਿੰਗ ਵਿਚਾਲੇ ਸਾਂਝੀ ਟੀਮ ਵਲੋਂ ਇਕ ਹੋਰ ਕਾਰਵਾਈ ’ਚ 5.56 ਮਿਲੀਮੀਟਰ ਇੰਸਾਸ ਰਾਈਫਲ, ਇਕ ਪੁਆਇੰਟ 303 ਰਾਈਫਲ, ਦੋ ਐੱਸਬੀਬੀਐੱਲ ਬੰਦੂਕਾਂ, ਦੋ 0.22 ਪਿਸਤੌਲਾਂ, ਦੋ ਇੰਪ੍ਰੋਵਾਈਜ਼ਡ ਪ੍ਰੋਜੈਕਟਾਈਲ ਲਾਂਚਰ ਗ੍ਰਨੇਡ, ਗੋਲਾ ਬਾਰੂਦ ਵੀ ਜ਼ਬਤ ਕੀਤਾ ਗਿਆ।