ਬਲੌਦ, 04 ਮਈ : ਛੱਤੀਸਗੜ੍ਹ ਦੇ ਬਲੌਦ ਕਾਂਕੇਰ ਨੈਸ਼ਨਲ ਹਾਈਵੇ ਤੇ ਜਗਤਰਾ ਵਿੱਚ ਇੱਕ ਬਲੈਰੋ ਅਤੇ ਟਰੱਕ ਦੀ ਟੱਕਰ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਟੱਕਰ ਐਨੀ ਭਿਆਨਕ ਸੀ ਕਿ ਬਲੈਰੋ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਇਸ ਹਾਦਸੇ ‘ਚ ਇੱਕੋ ਪਰਿਵਾਰ ਦੇ 10 ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਇੱਕ ਡੇਢ ਸਾਲ ਦਾ ਮਾਸੂਮ ਬੱਚੇ ਸਮੇਤ ਦੋ ਬੱਚੇ ਅਤੇ 5 ਔਰਤਾਂ ਸ਼ਾਮਿਲ ਹਨ, ਪਤਾ ਲੱਗਾ ਹੈ ਕਿ ਪਰਿਵਾਰ ਧਮਰਤੀ ਦੇ ਪਿੰਡ ਸੋਰਮ ਤੋਂ ਮਾਰਕੋਟਲਾ ਵਿਖੇ ਇੱਕ ਵਿਆਹ ਸਮਾਗਮ ‘ਚ ਸ਼ਾਮਿਲ ਹੋਣ ਲਈ ਜਾ ਰਿਹਾ ਸੀ, ਕਿ ਇਹ ਅਣਹੋਣੀ ਹੋ ਗਈ। ਪੁਲਿਸ ਸੁਪਰਡੈਂਟ ਜਤਿੰਦਰ ਕੁਮਾਰ ਯਾਦਵ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਨੂੰ ਵਾਪਰੀ। ਇਸ ਹਾਦਸੇ 'ਚ 11 ਲੋਕਾਂ ਦੀ ਮੌਤ ਹੋ ਗਈ ਹੈ। ਇਹ ਸਾਰੇ ਲੋਕ ਵਿਆਹ ਵਿੱਚ ਸ਼ਾਮਲ ਹੋਣ ਲਈ ਮਾਰਕਟੋਲਾ ਜਾ ਰਹੇ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ 10 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂਕਿ ਇਕ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।
ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕੀਤਾ ਦੁੱਖ ਪ੍ਰਗਟ
ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਸੂਚਨਾ ਮਿਲੀ ਹੈ ਕਿ ਬਲੌਦ ਨੇੜੇ ਇਕ ਵਿਆਹ ਸਮਾਗਮ ਵਿਚ ਜਾ ਰਹੀ ਇਕ ਬੋਲੈਰੋ ਦੀ ਟਰੱਕ ਨਾਲ ਹੋਈ ਟੱਕਰ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ।