ਗਾਂਧੀਨਗਰ, 13 ਸਤੰਬਰ 2024 : ਗੁਜਰਾਤ ਦੇ ਗਾਂਧੀਨਗਰ ਜ਼ਿਲ੍ਹੇ ਦੇ ਦੇਹਗਾਮ ਵਿੱਚ ਗਣੇਸ਼ ਵਿਸਰਜਨ ਦੌਰਾਨ 10 ਸ਼ਰਧਾਲੂ ਪਾਣੀ ਵਿੱਚ ਡੁੱਬ ਗਏ। ਇਨ੍ਹਾਂ ਵਿੱਚੋਂ ਪੰਜ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। ਸੂਬਾਈ ਅਧਿਕਾਰੀਆਂ ਤੇ ਫਾਇਰ ਬ੍ਰਿਗੇਡ ਦਾ ਕਾਫਲਾ ਮੌਕੇ 'ਤੇ ਪਹੁੰਚ ਗਿਆ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਾਟਨ ਦੀ ਸਰਸਵਤੀ ਨਦੀ 'ਚ ਗਣੇਸ਼ ਵਿਸਰਜਨ ਦੌਰਾਨ 5 ਲੋਕ ਡੁੱਬ ਗਏ ਸਨ, ਜਿਸ ਤੋਂ ਬਾਅਦ ਦੇਹਗਾਮ 'ਚ ਵੀ ਅਜਿਹਾ ਹੀ ਹਾਦਸਾ ਦੇਖਣ ਨੂੰ ਮਿਲਿਆ ਹੈ। ਮੁੱਢਲੀ ਜਾਣਕਾਰੀ ਮੁਤਾਬਕ ਦੇਹਗਾਮ ਦੇ ਵਾਸਨਾ ਸੋਗਾਠੀ ਪਿੰਡ ਤੋਂ ਲੰਘਦੀ ਮੇਸ਼ਵੋ ਨਦੀ 'ਚ ਗਣੇਸ਼ ਵਿਸਰਜਨ ਦੌਰਾਨ 10 ਲੋਕ ਡੁੱਬ ਗਏ। ਇਹ ਹਾਦਸਾ ਗਣੇਸ਼ ਵਿਸਰਜਨ ਦੌਰਾਨ ਇਕ ਨੌਜਵਾਨ ਦਾ ਪੈਰ ਫਿਸਲਣ ਕਾਰਨ ਵਾਪਰਿਆ। ਇਸ ਤੋਂ ਬਾਅਦ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਇਕ ਤੋਂ ਬਾਅਦ ਇਕ 10 ਲੋਕ ਪਾਣੀ ਵਿਚ ਡੁੱਬ ਗਏ। ਇਨ੍ਹਾਂ ਵਿੱਚੋਂ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਫਿਲਹਾਲ ਫਾਇਰ ਬ੍ਰਿਗੇਡ ਅਤੇ ਸਥਾਨਕ ਤੈਰਾਕਾਂ ਤੋਂ ਇਲਾਵਾ ਸੂਬਾਈ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਦਰਿਆ 'ਚ ਡਿੱਗੇ ਹੋਰ ਲੋਕਾਂ ਦੀ ਭਾਲ ਕਰ ਰਹੇ ਹਨ। ਇਸ ਸਾਲ ਸੂਬੇ 'ਚ ਗਣੇਸ਼ ਵਿਸਰਜਨ ਦੌਰਾਨ ਮੌਤ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਦੇਹਗਾਮ ਤੋਂ ਪਹਿਲਾਂ ਪਾਟਨ ਵਿੱਚ ਚਾਰ, ਜੂਨਾਗੜ੍ਹ ਵਿੱਚ ਇੱਕ ਅਤੇ ਨਡਿਆਦ ਵਿੱਚ ਦੋ ਲੋਕਾਂ ਦੀ ਇਸੇ ਤਰ੍ਹਾਂ ਦੀ ਇੱਕ ਘਟਨਾ ਵਿੱਚ ਮੌਤ ਹੋ ਗਈ ਸੀ।