ਮੈਡੀਕਲ ਨਰਸਿੰਗ ਤੇ ਕਿੱਤਾਮੁਖੀ ਡਿਗਰੀਆਂ/ ਡਿਪਲੋਮੇ ਪ੍ਰਾਪਤ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਆਨਲਾਈਨ ਨੌਕਰੀ ਕਰਨ ਦੇ ਅਵਸਰ ਮਿਲਣਗੇ : ਸੰਧਵਾਂ 

  • ਸਪੀਕਰ ਵੱਲੋਂ ਅਮਰੀਕੀ ਕੰਪਨੀਆਂ, ਬਾਬਾ ਫਰੀਦ ਯੂਨੀਵਰਸਿਟੀ ਤੇ ਸਿੱਖਿਆ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਫ਼ਰੀਦਕੋਟ 03 ਦਸੰਬਰ 2024 : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਰਾਜ ਦੇ ਡਿਗਰੀ, ਡਿਪਲੋਮਾ ਕਰ ਰਹੇ/ ਕਰ ਚੁੱਕੇ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਵਿਦੇਸ਼ਾਂ ਵਿੱਚ ਆਨ ਲਾਈਨ ਰੁਜਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਬਾਬਾ ਫਰੀਦ ਯੂਨੀਵਰਸਿਟੀ ਵਿਖੇ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਅਮਰੀਕਾ ਤੋਂ ਮਾਈਕਰੋਸਾਫਟ ਦੇ ਨੁਮਾਇੰਦੇ ਸ਼੍ਰੀ ਵਰੁਣ ਗੁਪਤਾ ਸਮੇਤ ਹੋਰ ਕੰਪਨੀਆਂ ਦੇ ਨੁਮਾਇੰਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ,ਬਾਬਾ ਫਰੀਦ ਯੂਨੀਵਰਸਿਟੀ ਦੇ ਵੀ.ਸੀ ਡਾ. ਰਾਜੀਵ ਸੂਦ, ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਤੋਂ ਇਲਾਵਾ ਜ਼ਿਲ੍ਹੇ ਦੇ ਨਰਸਿੰਗ ਕਾਲਜਾਂ ਤੇ ਤਕਨੀਕੀ ਸਿਖਲਾਈ ਸੰਸਥਾਵਾਂ ਦੇ ਨੁਮਾਇੰਦੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਇਸ ਮੌਕੇ ਕਿਹਾ ਕਿ ਇੰਟਰਨੈਟ ਦੇ ਜ਼ਮਾਨੇ ਵਿੱਚ ਹੁਣ ਤਕਨੀਕੀ ਮੁਹਾਰਤ ਰੱਖਣ ਵਾਲੇ ਵਿਦਿਆਰਥੀਆਂ ਜਾਂ ਲੋਕ ਘਰ ਬੈਠੇ ਹੀ ਦੇਸ਼-ਵਿਦੇਸ਼ ਦੀਆਂ ਕੰਪਨੀਆਂ ਵਿੱਚ ਆਨ ਲਾਈਨ ਜਾਬ ਕਰਕੇ ਵੱਡੀ ਕਮਾਈ ਕਰ ਰਹੇ ਹਨ ਤੇ ਇਸ ਲਈ ਉਨ੍ਹਾਂ ਨੂੰ ਘਰ ਤੋਂ ਬਾਹਰ ਨਹੀਂ ਜਾਣਾ ਪੈਂਦਾ। ਉਨ੍ਹਾਂ ਕਿਹਾ ਕਿ ਅੱਜ ਮਾਈਕਰੋਸਾਫਟ ਤੇ ਅੰਤਰਰਾਸ਼ਟਰੀ ਕੰਪਨੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਹੈ ਤੇ ਇਹ ਕੰਪਨੀਆਂ ਫਰੀਦਕੋਟ ਅਤੇ ਮੋਹਾਲੀ ਵਿਖੇ ਨਰਸਿੰਗ, ਆਈ.ਟੀ.ਆਈ ਤੇ ਹੋਰ ਕਿੱਤਾਮੁਖੀ ਕੰਪਿਊਟਰ ਕੋਰਸ ਆਦਿ ਕਰਨ ਵਾਲੇ ਵਿਦਿਆਰਥੀਆਂ ਨੂੰ ਤਿੰਨ ਮਹੀਨੇ ਦੀ ਆਨ ਲਾਈਨ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ, ਮੈਡੀਕਲ ਖੇਤਰ ਤੇ ਹੋਰ ਤਕਨੀਕੀ ਖੇਤਰਾਂ ਵਿੱਚ ਆਨਲਾਈਨ ਜਾਬ ਮੁਹਈਆ ਕਰਵਾਉਣਗੀਆਂ ਅਤੇ ਇਸ ਨਾਲ ਇਹ ਲੋਕ ਆਪਣੇ ਘਰ ਤੋਂ ਹੀ ਉਨ੍ਹਾਂ ਕੰਪਨੀਆਂ ਲਈ ਕੰਮ ਕਰਨਗੇ ਤੇ ਉਨ੍ਹਾਂ ਲਈ ਵਧੀਆ ਰੁਜ਼ਗਾਰ ਤੇ ਵਧੀਆ ਤਨਖਾਹ ਦੇ ਅਵਸਰ ਪ੍ਰਾਪਤ ਹੋਣਗੇ। ਇਸ ਮੌਕੇ ਐਮ.ਐਲ.ਏ ਸ. ਗੁਰਦਿੱਤ ਸਿੰਘ ਸੇਖੋਂ ਨੇ ਵੀ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਬਾਬਾ ਫਰੀਦ ਯੂਨੀਵਰਸਿਟੀ ਤੇ ਅਮਰੀਕਾ ਦੀਆਂ ਕੰਪਨੀਆਂ ਦੇ ਨੁਮਾਇੰਦਿਆਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਹ ਪੰਜਾਬ ਦੇ ਤਕਨੀਕੀ ਮੈਡੀਕਲ ਸਿੱਖਿਆ ਆਦਿ ਕੋਰਸਾਂ ਵਿੱਚ ਮੁਹਾਰਤ ਰੱਖਣ ਵਾਲੇ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਕੰਮ ਕਰਨ  ਦੀ ਸਹੂਲਤ ਅਤੇ ਜਾਬ ਦੇ ਮੌਕੇ ਮਿਲਣਗੇ। ਇਸ ਮੌਕੇ ਵੀ. ਸੀ ਡਾ. ਰਾਜੀਵ ਸੂਦ, ਮਾਈਕਰੋਸਾਫਟ ਕੰਪਨੀ ਦੇ ਨੁਮਾਇੰਦੇ ਸ਼੍ਰੀ ਵਰੁਣ ਗੁਪਤਾ, ਸ੍ਰੀ ਐਸ.ਕੇ. ਸ਼ਰਮਾ, ਐਡਵੋਕੇਟ ਹੈਰੀ ਸੋਫਤ, ਡਾ.ਆਰ.ਪੀ.ਗੋਰੀਆ, ਡਾ. ਰੋਹਿਤ, ਡਾ. ਸੰਜੇ ਗੁਪਤਾ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਡਾ. ਗੁਰਜੀਤ ਕੌਰ ਬਰਾੜ, ਡਾ. ਪ੍ਰੀਤੀ ਕੌੜਾ, ਪ੍ਰੋਫੈਸਰ ਭੁਪਿੰਦਰ ਕੌਰ, ਡਾ. ਹਰਜੋਤ ਕੌਰ, ਡਾ. ਨਿਰਮਲ ਸਿੰਘ ਆਦਿ ਨੇ ਵੀ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ।