ਵਿਧਾਇਕ ਸਹਿਬਾਨਾਂ ਵੱਲੋਂ ਹਲਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ 'ਚ ਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ

  • ਸਾਂਝੇ ਤੌਰ 'ਤੇ ਕਿਹਾ! ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਤੇ ਬਿਹਤਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਮੁੱਖ ਤਰਜੀਹ
  • ਸੂਬੇ ਨੂੰ ਸਿੱਖਿਆ ਦੇ ਖੇਤਰ 'ਚ ਬੁਲੰਦੀਆਂ 'ਤੇ ਪਹੁੰਚਾਉਣ ਲਈ ਲਗਾਤਾਰ ਕੀਤੇ ਜਾ ਰਹੇ ਉਪਰਾਲੇ

ਲੁਧਿਆਣਾ, 7 ਅਪ੍ਰੈਲ 2025 : ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਿੱਖਿਆ ਦੇ ਖੇਤਰ ਵਿੱਚ ਬੁਲੰਦੀਆਂ 'ਤੇ ਪਹੁੰਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਜਿਸਦੇ ਤਹਿਤ ਅੱਜ ਵਿਧਾਇਕ ਸਹਿਬਾਨਾਂ ਵੱਲੋਂ ਆਪੋ-ਆਪਣੇ ਹਲਕਿਆਂ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਗਏ। ਵਿਧਾਇਕ ਸਹਿਬਾਨਾਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਕਿਸੇ ਵੀ ਸੂਬੇ ਦੀ ਤਰੱਕੀ ਦਾ ਅੰਦਾਜ਼ਾ ਬੜੇ ਹੀ ਸੁਖਾਲੇ ਢੰਗ ਨਾਲ, ਉੱਥੋਂ ਦੇ ਸਿੱਖਿਆ ਦੇ ਮਿਆਰ ਤੋਂ ਲਗਾਇਆ ਜਾ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਮੁਲਕ ਜਾਂ ਸੂਬਾ ਤਾਂ ਹੀ ਅੱਗੇ ਵੱਧ ਸਕਦਾ ਹੈ ਜੇਕਰ ਉੱਥੇ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਮੁੱਖ ਤਰਜੀਹ ਦਿੱਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਲਈ ਵਚਨਬੱਧ ਹੈ ਅਤੇ ਆਪਣੇ ਕਾਰਜਕਾਲ ਦੇ ਆਰੰਭ ਤੋਂ ਹੀ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੇ ਫੰਡ ਸਿਰਫ ਸਿੱਖਿਆ ਦੇ ਖੇਤਰ ਵਿੱਚ ਜਾਰੀ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਸਿੱਖਿਆ ਦਾ ਮਿਆਰ ਉੱਪਰ ਚੁੱਕਣ ਲਈ ਕਿੰਨਾਂ ਗੰਭੀਰ ਹੈ। ਸੂਬੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਨਵਾਂ ਇਤਿਹਾਸ ਰੱਚਣ ਲਈ ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਅੱਜ ਵੱਖ-ਵੱਖ ਹਲਕਿਆਂ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਪਸਾਰ ਦੀ ਹਨੇਰੀ ਚੱਲੀ ਹੈ ਜਿਸਦੇ ਤਹਿਤ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਵਾਰਡ ਨੰਬਰ 46 ਅਧੀਨ ਸਰਕਾਰੀ ਪ੍ਰਾਇਮਰੀ ਸਕੂਲ, ਜਨਤਾ ਨਗਰ ਦਾ ਨਵੀਨੀਕਰਣ ਕਰਵਾਇਆ ਗਿਆ ਜਦਕਿ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਕੁੰਦਨਪੁਰੀ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜ਼ਾਂ ਬਾਰੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਰੂ-ਬ-ਰੂ ਕਰਵਾਇਆ। ਵਿਧਾਨ ਸਭਾ ਹਲਕਾ ਜਗਰਾਉਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵਲੋਂ ਜਗਰਾਉਂ ਦੇ ਸਰਕਾਰੀ ਸਕੂਲਾਂ ਵਿੱਚ ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ ਜਿਨ੍ਹਾਂ ਵਿੱਚ ਸਰਕਾਰੀ ਕੰਨ੍ਹਿਆਂ ਸੀਨੀਅਰ ਸੈਕੰਡਰੀ ਸਕੂਲ, ਜਗਰਾਉਂ ਵਿਖੇ 9 ਲੱਖ 55 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਏ ਐਡੀਸ਼ਨਲ ਕਲਾਸ ਰੂਮ, ਸਰਕਾਰੀ ਸਕੂਲ ਆਫ਼ ਐਮੀਨੈਂਸ ਜਗਰਾਉਂ ਵਿਖੇ ਲੜਕੀਆਂ ਦੀ ਸੁਵਿਧਾ ਲਈ 1.16 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਪਖਾਨੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜਗਰਾਉਂ ਵਿਖੇ 9.55 ਲੱਖ ਰੁਪਏ ਨਾਲ ਤਿਆਰ ਐਡੀਸ਼ਨਲ ਕਲਾਸ ਰੂਮ, ਇੱਕ ਲੱਖ 13 ਹਜ਼ਾਰ ਰੁਪਏ ਦੀ ਲਾਗਤ ਨਾਲ ਲੜਕੀਆਂ ਵਾਸਤੇ ਨਵੇਂ ਪਖਾਨੇ, 1.42 ਲੱਖ ਰੁਪਏ ਨਾਲ ਚਾਰਦਿਵਾਰੀ, ਲੜਕੀਆਂ ਅਤੇ ਲੜਕਿਆਂ ਦੇ ਬਾਥਰੂਮਾਂ ਦੀ ਰਿਪੇਅਰ ਲਈ 50-50 ਹਜ਼ਾਰ ਰੁਪਏ, ਸਕੂਲ ਦੀ ਚਾਰਦਿਵਾਰੀ ਦੀ ਨਵੀਂ ਉਸਾਰੀ ਲਈ 80 ਹਜ਼ਾਰ ਰੁਪਏ ਆਦਿ ਗਰਾਂਟਾਂ ਨਾਲ ‌ਤਿਆਰ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਗਏ। ਵਿਧਾਨ ਸਭਾ ਹਲਕਾ ਰਾਏਕੋਟ ਤੋਂ ਵਿਧਾਇਕ ਹਾਕਮ ਸਿੰਘ ਠੇਕੇਦਾਰ ਵੱਲੋਂ ਪਿੰਡ ਅਕਾਲਗੜ੍ਹ ਦੇ ਸਕੂਲ ਵਿੱਚ 2 ਨਵੇਂ ਪ੍ਰੋਜੈਕਟਰ ਲਗਵਾਏ, ਸ਼ਾਹਜਹਾਂਪੁਰ ਮਿਡਲ ਸਕੂਲ ਦੀ ਚਾਰਦਿਵਾਰੀ, ਸਕੂਲ ਆਫ ਐਮੀਨੈਂਸ, ਦੱਦਾਹੂਰ ਦੀ ਚਾਰਦਿਵਾਰੀ ਦੇ ਨਾਲ ਖੇਡ ਮੈਦਾਨ ਤਿਆਰ ਕਰਵਾਇਆ। ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਹਲਕਾ ਲੁਧਿਆਣਾ ਦੱਖਣੀ ਅਧੀਨ ਸਰਕਾਰੀ ਹਾਈ ਸਕੂਲ, ਢੰਡਾਰੀ ਕਲਾਂ ਦਾ ਨਵੀਨੀਕਰਣ ਕਰਵਾਇਆ ਗਿਆ ਜਿਸ ਵਿੱਚ ਨਵੇਂ ਕਲਾਸਰੂਮ, ਚਾਰਦਿਵਾਰੀ, ਪੁਰਾਣੇ ਪਖਾਨਿਆਂ ਦੀ ਮੁੰਰਮਤ, ਲੜਕੀਆਂ ਲਈ ਨਵੇਂ ਪਖਾਨੇ ਸ਼ਾਮਲ ਹਨ। ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਹਲਕਾ ਸਮਰਾਲਾ ਅਧੀਨ ਸਰਕਾਰੀ ਸਕੂਲ (ਲੜਕੇ),  ਸਰਕਾਰੀ ਸਕੂਲ (ਲੜਕੀਆਂ) ਮਾਛੀਵਾੜਾ, ਸਰਕਾਰੀ ਹਾਈ ਸਕੂਲ, ਪਵਾਤ, ਸਰਕਾਰੀ ਪ੍ਰਾਇਮਰੀ ਸਕੂਲ, ਮਾਛੀਵਾੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੰਜਗਰਾਈਆਂ, ਘੁੰਗਰਾਲੀ ਸਿੱਖਾਂ, ਕੁਟਾਲਾ ਢਾਹਾ,  ਮਾਣੇਵਾਲ, ਸਰਕਾਰੀ ਮਾਡਲ ਸਕੂਲ, ਗੜ੍ਹੀ ਤਰਖਾਣਾਂ, ਸਰਕਾਰੀ ਹਾਈ ਸਕੂਲ, ਸ਼ਮਸ਼ਪੁਰ ਵਿਖੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟ ਦੇ ਉਦਘਾਟਨ ਕੀਤੇ। ਵਿਧਾਇਕ ਸਹਿਬਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਨਵੇਂ ਰਿਕਾਰਡ ਸਥਾਪਿਤ ਕਰ ਰਹੀ ਹੈ ਅਤੇ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਆਉਣ ਵਾਲੇ ਦਿਨਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਲਗਾਤਾਰ ਵੱਖ-ਵੱਖ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਜਾਣਗੇ। ਉਹਨਾਂ ਕਿਹਾ ਕਿ ਪਹਿਲੇ ਪੜਾਅ ਵਿੱਚ 118 ਮੌਜੂਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਕੂਲ ਆਫ਼ ਐਮੀਨੈਂਸ ਵਿੱਚ ਅਪਗ੍ਰੇਡ ਕੀਤਾ ਜਾ ਰਿਹਾ ਹੈ ਜਦਕਿ 14 ਸਕੂਲ ਆਫ਼ ਐਮੀਨੈਂਸ ਪਹਿਲਾਂ ਹੀ ਲੋਕ ਅਰਪਣ ਕੀਤੇ ਜਾ ਚੁੱਕੇ ਹਨ। ਇਹ ਸਕੂਲ ਉੱਤਮਤਾ ਦੇ ਕੇਂਦਰ ਹੋਣਗੇ, ਜੋ ਸੰਸਥਾਵਾਂ ਵਿੱਚ ਪੀਅਰ ਲਰਨਿੰਗ ਨੂੰ ਸਮਰੱਥ ਬਣਾਉਣ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ ਅਤੇ ਸਕੂਲ ਸਿੱਖਿਆ ਪ੍ਰਣਾਲੀ ਵਿੱਚ ਸਮਕਾਲੀ ਸਿੱਖਣ ਦੇ ਨਵੇਂ ਅਭਿਆਸਾਂ ਰਾਹੀਂ ਸਾਡੇ ਬੱਚਿਆਂ ਦੇ ਸਿੱਖਣ ਸਬੰਧੀ ਤਜ਼ਰਬਿਆਂ ਵਿੱਚ ਵਾਧਾ ਕਰਨਗੇ। ਸਕੂਲ ਆਫ਼ ਐਮੀਨੈਂਸ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਤਿਆਰ ਕੀਤੇ ਜਾ ਰਹੇ ਹਨ।