
ਬਟਾਲਾ, 07 ਅਪ੍ਰੈਲ 2025 : ਪੰਜਾਬ 'ਚ ਪੁਲਿਸ ਥਾਣਿਆਂ ਅਤੇ ਪੁਲਿਸ ਚੌਕੀਆਂ 'ਤੇ ਲਗਾਤਾਰ ਹੋ ਰਹੇ ਹਮਲਿਆਂ ਦੀ ਲੜੀ 'ਚ ਬੀਤੀ ਅੱਧੀ ਰਾਤ ਨੂੰ ਬਟਾਲਾ ਪੁਲਿਸ ਜ਼ਿਲ੍ਹੇ ਦੇ ਅਧੀਨ ਪੈਂਦੇ ਥਾਣਾ ਕਿਲਾ ਲਾਲ ਸਿੰਘ 'ਤੇ ਰਾਕੇਟ ਲਾਂਚਰਾਂ ਤੋਂ ਵਿਸਫੋਟਕ ਸਮੱਗਰੀ ਸੁੱਟ ਕੇ ਤਿੰਨ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ, ਪਰ ਪੁਲੀਸ ਹਮਲੇ ਦੀ ਪੁਸ਼ਟੀ ਨਹੀਂ ਕਰ ਰਹੀ ਹੈ। ਦੱਸ ਦਈਏ ਕਿ ਬੀਤੀ ਰਾਤ ਕਰੀਬ ਸਾਢੇ 12 ਵਜੇ ਜਦੋਂ ਪੁਲਿਸ ਥਾਣਾ ਕਿਲਾ ਲਾਲ ਸਿੰਘ 'ਤੇ ਰਾਕੇਟ ਲਾਂਚਰ ਤੋਂ ਵਿਸਫੋਟਕ ਸਮੱਗਰੀ ਸੁੱਟ ਕੇ ਹਮਲਾ ਕੀਤਾ ਗਿਆ ਤਾਂ ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਸੁੱਤੇ ਪਏ ਲੋਕ ਜਾਗ ਗਏ, ਕਿਉਂਕਿ ਜਦੋਂ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣੀ ਤਾਂ ਆਵਾਜ਼ ਬਹੁਤ ਤੇਜ਼ ਸੀ। ਹਾਲਾਂਕਿ ਪੁਲਿਸ ਇਸ ਗੱਲ ਦੀ ਅਧਿਕਾਰਤ ਪੁਸ਼ਟੀ ਨਹੀਂ ਕਰ ਸਕੀ ਹੈ ਪਰ ਡੀਐਸਪੀ ਫਤਿਹਗੜ੍ਹ ਚੂੜੀਆਂ ਵਿਪਨ ਕੁਮਾਰ ਅਤੇ ਐਸਐਚਓ ਪ੍ਰਭਜੋਤ ਸਿੰਘ ਮੌਕੇ 'ਤੇ ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਜਦੋਂ ਐੱਸ.ਐੱਚ.ਓ. ਪ੍ਰਭਜੋਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਧਮਾਕੇ ਰਾਤ ਸਮੇਂ ਹੋਏ ਹਨ ਪਰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਰਾਤ ਸਮੇਂ ਡਿਊਟੀ ’ਤੇ ਤਾਇਨਾਤ ਪੁਲੀਸ ਮੁਲਾਜ਼ਮ ਤੁਰੰਤ ਚੌਕਸ ਹੋ ਗਏ ਅਤੇ ਜਦੋਂ ਮੁਲਾਜ਼ਮਾਂ ਨੇ ਥਾਣੇ ਤੋਂ ਬਾਹਰ ਆ ਕੇ ਦੇਖਿਆ ਤਾਂ ਉਨ੍ਹਾਂ ਨੂੰ ਹਮਲੇ ਸਬੰਧੀ ਕੋਈ ਵੀ ਸਮੱਗਰੀ ਨਹੀਂ ਮਿਲੀ। ਐਸ.ਐਚ.ਓ ਨੇ ਦੱਸਿਆ ਕਿ ਹਾਲੇ ਵੀ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਗੈਂਗਸਟਰ ਹੈਪੀ ਪਾਸ਼ੀਆ, ਗੋਪੀ ਨਵਾਂਸ਼ਹਿਰੀਆ ਅਤੇ ਮਨੂ ਅਗਵਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਉਕਤ ਹਮਲੇ ਦੀ ਜ਼ਿੰਮੇਵਾਰੀ ਲਈ ਹੈ।