ਗੋਪਾਲਪੁਰ ਕੋਟਲਾ ਨੇੜੇ ਵਾਪਰੇ ਸੜਕ ਹਾਦਸੇ ਵਿਚ ਇੱਕ ਔਰਤ ਦੀ ਮੌਤ, ਤਿੰਨ ਜਖਮੀ

ਮੋਰਿੰਡਾ 14 ਅਗਸਤ 2024 : ਰੋਪੜ ਸੜਕ ਤੇ ਪੈਂਦੇ ਪਿੰਡ ਗੋਪਾਲਪੁਰ ਕੋਟਲਾ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ  ਇਕ ਕਾਰ ਚਾਲਕ ਵੱਲੋ ਅਚਾਨਕ ਬ੍ਰੇਕ ਮਾਰਨ ਕਾਰਨ ਉਸ ਦੇ ਪਿੱਛੇ ਜਾ ਰਹੀ ਕਾਰ ਦਾ ਬੈਲੈਂਸ ਵਿਗੜ ਜਾਣ ਕਾਰਨ ਇੱਕ ਟਿੱਪਰ ਵਿੱਚ ਜਾ ਵੱਜੀ, ਜਿਸ ਕਾਰਨ ਜਿੱਥੇ ਕਾਰ ਸਵਾਰਾਂ ਦੇ ਸੱਟਾਂ ਲੱਗੀਆਂ, ਉੱਥੇ ਕਾਰ ਵਿਚ ਸਵਾਰ ਇੱਕ ਔਰਤ ਦੀ ਮੌਕੇ ਉੱਤੇ ਹੀ ਮੌਤ ਹੋ ਜਾਣ ਉਪਰੰਤ ਮੋਰਿੰਡਾ ਪੁਲਿਸ ਨੇ ਨਾਮਾਲੂਮ ਕਾਰ ਚਾਲਕ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਇੰਸਪੈਕਟਰ ਗੁਰਪ੍ਰੀਤ ਸਿੰਘ ਐਸਐਚਓ ਮੋਰਿੰਡਾ ਸਦਰ ਪੁਲਿਸ ਨੇ ਦੱਸਿਆ ਕਿ ਰਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਗੋਪਾਲਪੁਰ ਥਾਣਾ ਸਦਰ ਮੋਰਿੰਡਾ ਜਿਲਾ ਰੂਪਨਗਰ ਨੇ ਪੁਲਿਸ ਕੋਲ ਲਿਖਵਾਏ ਬਿਆਨ ਅਨੁਸਾਰ ਰਵਿੰਦਰ ਸਿੰਘ ਆਪਣੇ ਭਰਾ ਜਸਵਿੰਦਰ ਸਿੰਘ ਤੇ ਸਹੁਰੇ ਸੁਖਵਿੰਦਰ ਸਿੰਘ, ਸੱਸ ਬਲਜੀਤ ਕੌਰ ਅਤੇ ਸਾਲੇ ਗੁਰਜੀਤ ਸਿੰਘ ਨਾਲ ਆਪਣੀ ਮਰੂਤੀ ਕਾਰ ਨੰਬਰ ਪੀਬੀ 65 ਐਸਬੀ 3020 ਰਾਹੀਂ ਆਪਣੇ ਪਿੰਡ ਗੋਪਾਲਪੁਰ ਤੋਂ ਸਵੇਰੇ ਪੰਜ ਕੁ ਵਜੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ ਅਤੇ ਜਦੋਂ ਉਹਨਾਂ ਦੀ ਕਾਰ ਮੋਰਿੰਡਾ ਰੋਪੜ ਸੜਕ ਤੇ ਪੈਂਦੇ ਪਿੰਡ ਪਿੰਡ ਕੋਟਲਾ ਨੇੜੇ ਇੱਕ ਢਾਬੇ ਕੋਲ ਪੁੱਜੀ ਤਾਂ ਪਿੱਛੋਂ ਆ ਰਹੀ ਇੱਕ ਅਲਟੋ ਕਾਰ ਨੰਬਰ ਐਚਆਰ - 20 ਬੀ ਜੈੱਡ- 8517 ਦੇ ਡਰਾਈਵਰ ਨੇ ਆਪਣੀ ਕਾਰ ਉਸ ਦੀ ਕਾਰ ਅੱਗੇ ਲਿਆ ਕੇ ਇਕ ਦਮ ਬ੍ਰੇਕ ਲਗਾ ਦਿੱਤੀ ਜਿਸ ਕਾਰਨ ਉਸ ਦੀ ਕਾਰ ਦਾ ਸੰਤੁਲਨ ਵਿਗੜ ਜਾਣ ਕਾਰਨ ਉਸ ਦੀ ਕਾਰ ਅੱਗੇ ਜਾ ਰਹੇ ਇੱਕ ਟਿੱਪਰ ਵਿੱਚ ਵੱਜੀ। ਜਿਸ ਕਾਰਨ ਉਸ ਦੀ ਕਾਰ ਵਿੱਚ ਸਵਾਰ ਸਾਰਿਆ ਦੇ ਸੱਟਾਂ ਵੱਜੀਆ ਅਤੇ ਬਲਜੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸੇ ਦੌਰਾਨ ਅਲਟੋ ਕਾਰ ਚਾਲਕ ਮੌਕੇ ਤੋ ਫਰਾਰ ਹੋ ਗਿਆ। ਰਵਿੰਦਰ ਸਿੰਘ  ਅਨੁਸਾਰ ਰਾਹਗੀਰਾਂ ਵੱਲੋ ਉਨਾਂ ਚਾਰਾਂ ਨੂੰ ਸਰਕਾਰੀ ਸਿਵਲ ਹਸਪਤਾਲ ਮੋਰਿੰਡਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋ ਬਲਜੀਤ ਕੌਰ ਨੂੰ ਮ੍ਰਿਤਕ ਐਲਾਨਿਆ ਗਿਆ ਅਤੇ ਬਾਕੀ ਤਿੰਨ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਘਰ ਭੇਜ ਦਿੱਤਾ ਗਿਆ। ਐਸ ਐਚ ਓ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰਵਿੰਦਰ ਸਿੰਘ ਦੇ ਬਿਆਨ ਦੇ ਆਧਾਰ ਤੇ ਆਟੋ ਕਾਰ ਦੇ ਨਾਮ ਲੂਮ ਚਾਲਕ ਵਿਰੁੱਧ ਬੀਐਨਐਸ ਦੀਆਂ ਧਾਰਾਂਵਾ 281, 106, 324(4), 125(A) ਅਧੀਨ ਮੁਕਦਮਾ ਨੰਬਰ 70 ਦਰਜ ਕਰਕੇ ਦੋਸ਼ੀ ਨਾਮਾਲੂਮ ਚਾਲਕ ਦੀ ਗ੍ਰਿਫਤਾਰੀ ਲਈ ਸਬ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਪੜਤਾਲੀਆ ਅਫਸਰ ਨਿਯੁਕਤ ਕਰ ਦਿੱਤਾ ਗਿਆ ਹੈ ਅਤੇ ਮ੍ਰਿਤਕ ਬਲਜੀਤ ਕੌਰ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।