ਲ਼ਾਡੋਵਾਲ ਟੋਲ ਪਲਾਜ਼ਾ ਦੇ ਵਧਾਏ ਰੇਟ ਘੱਟ ਨਾ ਕੀਤੇ ਤਾਂ ਕਰਾਂਗੇ ਸੰਘਰਸ਼ : ਢੱਟ/ਭੁੱਲਰ

ਰਾਏਕੋਟ, 14 ਜੂਨ 2024 : ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਇੱਕ ਸਾਲ ਵਿੱਚ ਤਿੰਨ ਵਾਰ ਟੋਲ ਪਲਾਜ਼ਿਆਂ ਦੀ ਟੋਲ ਫੀਸ ਵਿੱਚ ਵਾਧਾ ਕਰਕੇ ਵਾਹਨ ਚਾਲਕਾਂ ਤੇ ਵਾਧੂ ਬੋਝ ਸਾਬਤ ਕਰਦਾ ਹੈ ਕਿ ਲੋਕਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਆਨ (ਦੋਆਬਾ) ਦੇ ਜਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਅਤੇ ਬਲਾਕ ਰਾਏਕੋਟ ਦੇ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਭੁੱਲਰ ਨੇ ਕੀਤਾ।  ਉਨ੍ਹਾਂ ਕਿਹਾ ਕਿ ਲਾਡੋਵਾਲ ਟੋਲ ਪਲਾਜ਼ਾ ਸੂਬੇ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਟੋਲ ਪਲਾਜ਼ਾ ਦੇ ਰੇਟ ਤਾਂ ਸਾਲ ਵਿੱਚ ਤਿੰਨ ਵਾਰ ਵਧਾ ਦਿੱਤੇ ਗਏ ਹਨ, ਪਰ ਇਸ ਸੜਕ ਰਾਹੀਂ ਲੁਧਿਆਣਾ ਤੋਂ ਜਲੰਧਰ, ਅੰਮ੍ਰਿਤਸਰ ਜਾਣ –ਆਉਣ ਵਾਲੇ ਚਾਲਕਾਂ ਲਈ ਕੋਈ ਸੁਵਿਧਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਲਾਡੋਵਾਲ ਟੋਲ ਪਲਾਜ਼ਾ ਤੇ ਕਿਸੇ ਵੀ ਵਾਹਨ ਚਾਲਕ ਕੋਈ ਸਮੱਸਿਆ ਆ ਜਾਵੇ ਤਾਂ ਉਸ ਦੇ ਲਈ ਟੋਲ ਪਲਾਜ਼ਾ ਤੇ ਬੈਠਣ ਜਾਂ ਰਹਿਣ ਲਈ ਕੋਈ ਸਹੂਲਤ ਨਹੀਂ ਹੈ ਨਾ ਹੀ ਵਾਹਨ ਚਾਲਕਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ ਅਤੇ ਬਾਥਰੂਮ ਦਾ ਕੋਈ ਪ੍ਰਬਧ ਹੈ। ਪ੍ਰਧਾਨ ਢੱਟ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਜਦੋਂ ਇਹ ਟੋਲ ਪਲਾਜ਼ਾ ਲਗਾਇਆ ਗਿਆ ਸੀ ਤਾਂ ਇਸ ਦਾ ਰੇਟ ਉਸ ਸਮੇਂ 125 ਰੁਪੈ ਸੀ ਜੋ ਹੁਣ ਵਧ ਕੇ 400 ਰੁਪੈ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਟੋਲ ਪਲਾਜ਼ਾ ਦੇ ਨੇੜਲੇ ਪਿੰਡਾਂ ਵਾਲੇ ਲੋਕਾਂ ਦੇ 150 ਰੁਪੈ ਪ੍ਰਤੀ ਮਹੀਨਾ ਪਾਸ ਬਣਾਏ ਜਾਂਦੇ ਸਨ, ਪਰ ਹੁਣ ਉਨ੍ਹਾਂ ਤੋਂ ਵੀ 340 ਰੁਪੈ ਪ੍ਰਤੀ ਮਹੀਨਾ ਲਿਆ ਜਾਂਦਾ ਹੈ। ਪ੍ਰਧਾਨ ਢੱਟ ਤੇ ਪ੍ਰਧਾਨ ਭੁੱਲਰ ਨੇ ਕਿਹਾ ਕਿ ਜੇਕਰ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਟੋਲ ਪਲਾਜ਼ਾ ਵਧਾਏ ਰੇਟ ਅਤੇ ਬਣਦੀਆਂ ਸਹੂਲਤਾਂ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਉਹ ਆਉਂਦੇ ਦਿਨਾਂ ਵਿੱਚ ਭਾਰਤੀ ਕਿਸਾਨ ਯੂਨੀਆਨ ਦੋਆਬਾ ਵੱਲੋਂ ਟੋਲ ਪਲਾਜ਼ਾ ‘ਤੇ ਧਰਨਾ ਦੇਣਗੇ ਅਤੇ ਟੋਲ ਪਲਾਜ਼ਾ ਫਰੀ ਕਰਵਾਇਆ ਜਾਵੇਗਾ। ਜਿੰਨੀ ਦੇਰ ਤੱਕ ਵਧਾਏ ਰੇਟ ਘੱਟ ਨਹੀਂ ਕੀਤੇ ਜਾਂਦੇ।