- ਪਾਣੀ ਤੋਂ ਪ੍ਰਭਾਵਤ 6 ਕਲੋਨੀਆਂ 'ਚੋਂ ਪਾਣੀ ਦੀ ਨਿਕਾਸੀ ਤੇ 4 ਕਲੋਨੀਆਂ 'ਚੋਂ ਸੀਵਰੇਜ ਲਾਇਨਾਂ ਕੀਤੀਆਂ ਸਾਫ਼
- ਖੜ੍ਹੇ ਪਾਣੀ 'ਤੇ ਮੱਛਰ ਮਾਰ ਦਵਾਈ ਦਾ ਛਿੜਕਾਅ ਤੇ ਰਾਹਤ ਕੈਂਪਾਂ 'ਚ ਕੀਤੀ ਫਾਗਿੰਗ
- ਪ੍ਰਭਾਵਤ ਇਲਾਕਿਆਂ 'ਚ ਕਲੋਰੀਨ ਯੁਕਤ ਪੀਣ ਵਾਲੇ ਪਾਣੀ ਦੇ ਟੈਂਕਰ ਵੀ ਭੇਜੇ, ਪਾਣੀ ਦੇ ਨਮੂਨੇ ਲੈਣ ਦੀ ਪ੍ਰਕ੍ਰਿਆ ਜਾਰੀ
ਪਟਿਆਲਾ, 12 ਜੁਲਾਈ : ਪਟਿਆਲਾ ਸ਼ਹਿਰ ਦੀਆਂ ਕਈ ਕਲੋਨੀਆਂ ਵਿੱਚ ਪਾਣੀ ਆਉਣ ਕਰਕੇ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਨਗਰ ਨਿਗਮ ਪਟਿਆਲਾ ਦੀਆਂ ਟੀਮਾਂ ਕਮਿਸ਼ਨਰ ਅਦਿੱਤਿਆ ਉਪਲ ਦੀ ਅਗਵਾਈ ਅਤੇ ਸੰਯੁਕਤ ਕਮਿਸ਼ਨਰ ਨਮਨ ਮਾਰਕੰਨ ਦੀ ਦੇਖ-ਰੇਖ ਹੇਠ ਕਾਰਜਸ਼ੀਲ ਹਨ। ਹੁਣ ਜਦੋਂ ਸ਼ਹਿਰ ਦੀਆਂ ਪ੍ਰਭਾਵਤ ਕਲੋਨੀਆਂ ਵਿੱਚੋਂ ਪਾਣੀ ਘੱਟ ਗਿਆ ਹੈ ਤਾਂ ਨਿਗਮ ਦੀਆਂ ਟੀਮਾਂ ਹੋਰ ਵੀ ਵਧੇਰੇ ਹਰਕਤ 'ਚ ਆ ਗਈਆਂ ਹਨ। ਅੱਜ ਇਨ੍ਹਾਂ ਟੀਮਾਂ ਨੇ 6 ਕਲੋਨੀਆਂ ਵਿੱਚ ਖੜ੍ਹੇ ਪਾਣੀ ਦੀ ਨਿਕਾਸੀ ਕਰਵਾਈ ਅਤੇ 4 ਕਲੋਨੀਆਂ ਵਿੱਚੋਂ ਸੀਵਰੇਜ ਲਾਇਨਾਂ ਵਿੱਚੋਂ ਪਾਣੀ ਨੂੰ ਮਸ਼ੀਨਾਂ ਨਾਲ ਬਾਹਰ ਸੁੱਟਿਆ। ਕਮਿਸ਼ਨਰ ਅਦਿੱਤਿਆ ਉਪਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ਦੀਆਂ ਪ੍ਰਭਾਵਤ ਕਲੋਨੀਆਂ ਦੇ ਵਸਨੀਕਾਂ ਨੂੰ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਨਗਰ ਨਿਗਮ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਵਿਧਾਇਕ ਅਜੀਤਪਾਲ ਸਿੰਘ ਦੀ ਅਗਵਾਈ ਹੇਠ ਪਾਣੀ ਆਉਣ ਕਰਕੇ ਪ੍ਰਭਾਵਤ ਹੋਈਆਂ ਕਲੋਨੀਆਂ ਵਿੱਚ ਸਾਫ਼-ਸਫ਼ਾਈ ਸਮੇਤ ਮੱਛਰਾਂ ਤੋਂ ਬਚਾਅ ਲਈ ਫਾਗਿੰਗ ਤੇ ਐਂਟੀ ਲਾਰਵਾ ਦਵਾਈ ਦੇ ਛਿੜਕਾਅ ਸਮੇਤ ਪੀਣ ਵਾਲਾ ਸਵੱਛ ਪਾਣੀ ਉਪਲਬੱਧ ਕਰਵਾਉਣ ਲਈ ਵੀ ਉਚੇਚੇ ਯਤਨ ਕਰਦਿਆਂ ਪ੍ਰਭਾਵਤ ਇਲਾਕਿਆਂ ਵਿੱਚ ਕਲੋਰੀਨ ਯੁਕਤ ਪੀਣ ਵਾਲੇ ਪਾਣੀ ਦੇ ਟੈਂਕਰ ਵੀ ਭੇਜੇ ਗਏ ਹਨ। ਸੰਯੁਕਤ ਕਮਿਸ਼ਨਰ ਨਮਨ ਮਾਰਕੰਨ ਨੇ ਦੱਸਿਆ ਕਿ ਨਿਗਮ ਦੀਆਂ ਟੀਮਾਂ ਨੇ ਨਿਊ ਮਹਿੰਦਰਾ ਕਲੋਨੀ, ਪਾਠਕ ਵਿਹਾਰ, ਭੂਤਨਾਥ ਮੰਦਿਰ, ਤੇਜ ਬਾਗ਼, ਮੁਸਲਿਮ ਕਲੋਨੀ, ਪੁਰਾਣਾ ਬਿਸ਼ਨ ਨਗਰ ਦੀ ਗਲੀ ਨੰਬਰ 9 ਵਿੱਚ ਖੜ੍ਹੇ ਪਾਣੀ ਦੀ ਨਿਕਾਸੀ ਕੀਤੀ। ਜਦਕਿ ਸਟੇਟ ਕਾਲਜ ਨੇੜੇ, ਟੈਗੌਰ ਥਇਏਟਰ ਨੇੜੇ ਮਾਡਲ ਟਾਊਨ ਮਥੁਰਾ ਕਲੋਨੀ ਵਿਖੇ ਐਂਟੀ ਲਾਰਵਾ ਦਵਾਈ ਦਾ ਛਿੜਕਾਅ ਕੀਤਾ ਗਿਆ ਅਤੇ ਪ੍ਰੇਮ ਬਾਗ਼ ਪੈਲੇਸ, ਮਹਿੰਦਰਾ ਕਾਲਜ, ਪੋਲੀਟੈਕਨਿਕ ਕਾਲਜ ਤੇ ਸਟੇਟ ਕਾਲਜ ਤੇ ਬਿਕਰਮ ਕਾਲਜ ਵਿਖੇ, ਜਿੱਥੇ ਰਾਹਤ ਕੈਂਪ ਬਣਾਏ ਗਏ ਹਨ, ਵਿਖੇ ਫਾਗਿੰਗ ਕਰਵਾਈ ਗਈ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਦੌਰਾਨ ਗੋਪਾਲ ਕਲੋਨੀ, ਛੋਟਾ ਅਰਾਈਮਾਜਰਾ, ਹੀਰਾ ਬਾਗ਼ ਤੇ ਰਿਸ਼ੀ ਕਲੋਨੀ ਵਿਖੇ ਜੈਟਸੱਕ ਮਸ਼ੀਨ ਤੇ ਇੰਜਣ ਲਗਾਕੇ ਪਾਣੀ ਨੂੰ ਸੀਵਰੇਜ ਲਾਇਨਾਂ ਵਿੱਚੋਂ ਬਾਹਰ ਸੁੱਟਿਆ ਗਿਆ। ਇਸ ਤੋਂ ਬਿਨ੍ਹਾਂ ਪਾਣੀ ਤੋਂ ਪ੍ਰਭਾਵਤ ਇਨ੍ਹਾਂ ਕਲੋਨੀਆਂ ਵਿੱਚ ਨਿਗਮ ਦੇ ਸਫ਼ਾਈ ਸੇਵਕਾਂ ਨੇ ਸਫ਼ਾਈ ਮੁਹਿੰਮ ਚਲਾ ਕੇ ਚੰਗੀ ਤਰ੍ਹਾਂ ਸਫ਼ਾਈ ਵੀ ਕੀਤੀ। ਕਮਿਸ਼ਨਰ ਅਦਿੱਤਿਆ ਉਪਲ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਰੋਜ਼ਾਨਾ ਪਟਿਆਲਾ ਸ਼ਹਿਰੀ ਦੇ ਦਿਹਾਤੀ ਹਲਕਿਆਂ ਦੀਆਂ ਦੋ ਸਲੰਮ ਕਲੋਨੀਆਂ ਵਿੱਚ ਪੀਣ ਵਾਲੇ ਪਾਣੀ ਦੇ ਸੈਂਪਲ ਭਰੇ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਦੂਸ਼ਿਤ ਪਾਣੀ ਪੀਣ ਨਾਲ ਕੋਈ ਬਿਮਾਰੀਆਂ ਨਾ ਹੋਣ। ਉਨ੍ਹਾਂ ਦੱਸਿਆ ਕਿ ਅੱਜ ਝਿੱਲ ਅਤੇ ਨਿਊ ਮਹਿੰਦਰਾ ਕਲੋਨੀ ਵਿੱਚੋਂ ਪਾਣੀ ਦੇ ਨਮੂਨੇ ਜਾਂਚ ਲਈ ਭਰੇ ਗਏ।