ਵਿਧਾਇਕ ਬਲੂਆਣਾ ਤੇ ਡਿਪਟੀ ਕਮਿਸ਼ਨਰ ਨੇ ਹਲਕਾ ਬੱਲੂਆਣਾ ਦੇ ਪਿੰਡ ਪੱਤਰੇ ਵਾਲਾ ਵਿਖੇ ਬਣ ਰਹੇ ਮੈਗਾ ਵਾਟਰ ਸਰਫ਼ੇਸ ਸਕੀਮ ਪ੍ਰੋਜੈਕਟ ਦਾ ਨਿਰੀਖਣ ਕੀਤਾ

ਫਾਜ਼ਿਲਕਾ, 28 ਨਵੰਬਰ 2024 : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਬੋਹਰ ਤੇ ਬੱਲੂਆਣਾ ਹਲਕੇ ਨਾਲ ਸਬੰਧਤ ਲੋਕਾਂ ਨੂੰ ਸਾਫ ਪੀਣ ਯੋਗ ਪਾਣੀ ਦੀ ਸਪਲਾਈ ਮੁਹਈਆ ਕਰਵਾਉਣ ਲਈ ਪਿੰਡ ਪੱਤਰੇਵਾਲਾ ਵਿਖੇ ਨਹਿਰੀ ਪਾਣੀ ਤੇ ਅਧਾਰਿਤ ਆਧੁਨਿਕ ਜਲ ਸਪਲਾਈ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਅਧੀਨ 122 ਪਿੰਡਾਂ ਤੇ 15 ਢਾਣੀਆਂ ਨੂੰ ਕਵਰ ਕੀਤਾ ਜਾਵੇਗਾ| ਇਹ ਜਾਣਕਾਰੀ ਵਿਧਾਇਕ ਬੱਲੂਆਣਾ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਰ ਅਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਇਸ ਪ੍ਰੋਜੈਕਟ ਦਾ ਦੌਰਾ ਕਰਕੇ ਜਾਇਜ਼ਾ ਲੈਣ ਮੌਕੇ ਕੀਤਾ। ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਕਿਹਾ ਕਿ ਨਿਰੀਖਣ ਕਰਨ ਦਾ ਉਦੇਸ਼ ਬਣੇ ਰਹੇ ਮੈਗਾ ਪ੍ਰੋਜੈਕਟ ਦੀ ਤਾਜਾ ਸਥਿਤੀ ਦਾ ਜਾਇਜਾ ਲੈਣਾ ਸੀ ਤਾਂ ਜੋ ਪ੍ਰੋਜ਼ੈਕਟ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾ ਸਕੇ ਅਤੇ ਲੋਕ ਸਮਰਪਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਬਣਨ ਨਾਲ ਲੋਕਾਂ ਨੂੰ ਸਾਫ ਪੀਣ ਦਾ ਪਾਣੀ ਮੁਹਈਆ ਹੋਵੇਗਾ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਾਫ ਪੀਣ ਵਾਲੇ ਪਾਣੀ ਮੁਹਈਆ ਕਰਵਾਉਣ ਲਈ ਮੈਗਾ ਪ੍ਰੋਜੈਕਟ ਉਲੀਕ ਰਹੀ ਹੈ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਬੇਹਦ ਚਿੰਤਿਤ ਹੈ| ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਨੇ ਦੱਸਿਆ ਕਿ ਪੀਣ ਦੀ ਸਪਲਾਈ ਲਈ ਪਾਣੀ ਗੰਗ ਕਨਾਲ ਤੋਂ ਲਿਆ ਜਾਵੇਗਾ। ਇੱਥੇ ਪਾਣੀ ਨੂੰ ਸਾਫ ਕਰਕੇ ਅੱਗੋਂ ਪੂਰੇ ਇਲਾਕੇ ਦੇ ਪਿੰਡਾਂ ਤੱਕ ਪਾਈਪਾਂ ਰਾਹੀਂ ਸਪਲਾਈ ਕੀਤਾ ਜਾਵੇਗਾ। ਉਹਨਾਂ ਪ੍ਰੋਜੈਕਟ ਨੂੰ ਮੁਕੰਮਲ ਕਰਨ ਵਾਲੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਇਸ ਪ੍ਰੋਜੈਕਟ ਨੂੰ ਜਲਦ ਤੋ ਜਲਦ ਨੇਪਰੇ ਚਾੜਿਆ ਜਾਵੇ ਤਾਂ ਜੋ ਸਬੰਧਤ ਪਿੰਡਾਂ ਤੇ ਢਾਣੀਆਂ ਦੇ ਲੋਕਾਂ ਨੂੰ ਇਸ ਮੁਸ਼ਕਲ ਤੋਂ ਬਾਹਰ ਕਢਿਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰੋਜੈਕਟ ਤੋਂ ਅਬੋਹਰ,  ਖੁਈਆਂ ਸਰਵਰ, ਅਰਨੀਵਾਲਾ ਅਤੇ ਫਾਜ਼ਿਲਕਾ ਦੇ ਪਿੰਡਾਂ ਤੇ ਢਾਣੀਆਂ ਨੂੰ ਪੀਣ ਯੋਗ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਵਾਟਰ ਟਰੀਟਮੈਂਟ ਪਲਾਂਟ ਦਾ ਕਾਫੀ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਬਕਾਇਆ ਰਹਿੰਦੇ ਕੰਮ ਨੂੰ ਵੀ ਜਲਦ ਪੂਰਾ ਕਰਨ ਸਬੰਧੀ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ। ਇਸ ਮੌਕੇ ਆਕਸੀਜਨ ਵਾਟਰ ਐਂਡ ਸੈਨੀਟੇਸ਼ਨ ਅਤੇ ਸੰਬੰਧਤ ਐਲ.ਐਨ.ਟੀ ਕੰਪਨੀ ਦੇ ਅਧਿਕਾਰੀ ਨਾਲ ਮੌਜੂਦ ਸਨ l