ਜ਼ਿਲਾ ਪ੍ਰਸ਼ਾਸ਼ਨ ਦਾ ਵਿਲੱਖਣ ਸੱਭਿਆਚਾਰਕ ਪ੍ਰੋਗਰਾਮ ਸਫ਼ਲਤਾਪੂਰਵਕ ਸੰਪੰਨ, ਵਿਧਾਇਕ ਅਰੋੜਾ ਨੇ ਕੀਤੀ ਮੁੱਖ ਮਹਿਮਾਨ ਵਜੋਂ ਸਿ਼ਰਕਤ

  • ਵੱਡੀ ਗਿਣਤੀ ਵਿੱਚ ਔਰਤਾਂ/ਲੜਕੀਆਂ ਸੱਭਿਆਚਾਰਕ ਪਹਿਰਾਵੇ ਵਿੱਚ ਸ਼ਾਮਿਲ ਹੋ ਕੇ ਬਣੀਆਂ ਪ੍ਰੋਗਰਾਮ ਦਾ ਸ਼ਿੰਗਾਰ
  • ਵਿਧਾਇਕ ਨੇ ਕਿਹਾ ਕਿ ਪੰਜਾਬ ਮੁੜ ਤੋਂ ਰੰਗਲਾ ਪੰਜਾਬ ਬਣਨ ਦੀਆਂ ਰਾਹਾਂ ਉੱਤੇ ਤੇਜ਼ੀ ਨਾਲ ਦੌੜ ਰਿਹੈ
  • ਭਵਿੱਖ ਵਿੱਚ ਅਜਿਹੇ ਪ੍ਰੋਗਰਾਮ ਆਯੋਜਿਤ ਕਰਵਾਉਣ ਦੇ ਯਤਨ ਜਾਰੀ ਰਹਿਣਗੇ-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ

ਮੋਗਾ, 1 ਸਤੰਬਰ : ਅੱਜ ਜ਼ਿਲਾ ਪ੍ਰਸ਼ਾਸ਼ਨ ਮੋਗਾ ਵੱਲੋਂ ਵਿਲੱਖਣ ਰੰਗਾਰੰਗ ਸੱਭਿਆਚਾਰਕ ਸਮਾਗਮ ਦਾ ਆਯੋਜਨ ਸਰਕਾਰੀ ਆਈ.ਟੀ.ਆਈ. ਮੋਗਾ ਵਿਖੇ ਕੀਤਾ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਔਰਤਾਂ/ਲੜਕੀਆਂ ਨੇ ਸੱਭਿਆਚਾਰਕ ਪਹਿਰਾਵੇ ਵਿੱਚ ਸ਼ਮੂਲੀਅਤ ਕੀਤੀ ਅਤੇ ਪੋ੍ਰਗਰਾਮ ਦੇ ਸਿ਼ੰਗਾਰ ਵਿੱਚ ਵਾਧਾ ਕੀਤਾ। ਇਸ ਪ੍ਰੋਗਰਾਮ ਵਿੱਚ ਸੱਭਿਆਚਾਰਕ ਮਨੋਰੰਜਨ ਗਤੀਵਿਧੀਆਂ ਤੋਂ ਇਲਾਵਾ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਵੀ ਸਮੂਲੀਅਤ ਕੀਤੀ। ਵੱਖ ਵੱਖ ਸਰਕਾਰੀ ਵਿਭਾਗਾਂ ਦੇ ਸਟਾਲ ਵੀ ਸਰਕਾਰੀ ਸਕੀਮਾਂ ਪ੍ਰਤੀ ਜਾਗਰੂਕਤਾ ਵਧਾਉਣ ਲਈ ਆਯੋਜਿਤ ਕੀਤੇ ਗਏ। ਇਸ ਪ੍ਰੋੁਗਰਾਮ ਵਿੱਚ ਵਿਧਾਇਕ ਡਾ. ਅਮਨਦੀਪ ਕੌਰ ਅਰੋੋੜਾ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਨੀਤਾ ਦਰਸ਼ੀ, ਐਸ.ਡੀ.ਐਮ. ਚਾਰੂ ਮਿਤਾ, ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਦੀਪਕ ਅਰੋੜਾ ਅਤੇ ਹੋਰ ਵੀ ਉੱਚ ਅਧਿਕਾਰੀ ਹਾਜ਼ਰ ਸਨ। ਉਨ੍ਹਾਂ ਪ੍ਰੋਗਰਾਮ ਵਿੱਚ ਲੜਕੀਆਂ ਦਾ ਸੱਭਿਆਚਾਰਕ ਪਹਿਰਾਵੇ ਵਿੱਚ ਭਾਰੀ ਇਕੱਠ ਦੇਖ ਕੇ ਬੜੀ ਖੁਸ਼ੀ ਜਾਹਿਰ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੇ ਸੁਪਨਿਆਂ ਵਾਲਾ ਰੰਗਲਾ ਪੰਜਾਬ ਹੁਣ ਆਪਣੀਆਂ ਅਸਲੀ ਰਾਹਾਂ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਉਨ੍ਹਾਂ ਕਿਹਾ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਲੋਕਾਂ ਵਿਚਲੀ ਸੱਭਿਆਚਾਰਕ,ਭਾਈਚਾਰਕ ਸਾਂਝ ਵੀ ਮਜ਼ਬੂਤ ਹੁੰਦੀ ਹੈ ਤੇ ਲੋਕਾਂ ਨੂੰ ਸਰਕਾਰੀ ਸਕੀਮਾਂ ਪ੍ਰਤੀ ਚੇਤਨਤਾ ਵੀ ਮਿਲਦੀ ਹੈ। ਭਾਰੀ ਗਿਣਤੀ ਵਿੱਚ ਆਈਆਂ ਲੜਕੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਵਾਂਗ ਲੜਕੀਆਂ ਦੀ ਖੁਸ਼ਹਾਲੀ ਲਈ ਵੀ ਹਮੇਸ਼ਾ ਯਤਨਸ਼ੀਲ ਰਹੇਗੀ। ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਇਸ ਪ੍ਰੋਗਰਾਮ ਵਿੱਚ ਸਿ਼ਰਕਤ ਕਰਕੇ ਇਨਾਮਾਂ ਦੀ ਵੰਡ ਕੀਤੀ ਅਤੇ ਸੰਬੋਧਨ ਕਰਦਿਆਂ ਕਿਹਾ ਜਿ਼ਲ੍ਹਾ ਪ੍ਰਸ਼ਾਸ਼ਨ ਭਵਿੱਖ ਵਿੱਚ ਵੀ ਅਜਿਹੇ ਹੀ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕਰਵਾਉਣ ਲਈ ਯਤਨਸ਼ੀਲ ਰਹੇਗਾ।ਇਸ ਪ੍ਰੋਗਰਾਮ ਵਿੱਚ ਸਕੂਲੀ ਬੱਚੀਆਂ, ਸੈਲਫ ਹੈਲਪ ਗਰੁੱਪਾਂ ਦੀਆਂ ਔਰਤਾਂ ਆਦਿ ਵੱਲੋਂ ਵੱਖ ਵੱਖ ਤਰਾਂ ਦੀਆਂ ਦਿਲਚਸਪ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਔਰਤਾਂ ਵੱਲੋਂ ਆਪਣੇ ਸੈਲਫ਼ ਹੈਲਪ ਗਰੁੱਪਾਂ ਜਰੀਏ ਬਣਾਏ ਗਏ ਉਤਪਾਦਾਂ ਦੀ ਪ੍ਰਦਰਸ਼ਨੀ ਕੀਤੀ ਅਤੇ ਇਨਾਂ ਉਤਪਾਦਾਂ ਨੂੰ ਵੇਚਿਆ। ਬਾਕੀ ਵਿਭਾਗਾਂ ਵੱਲੋਂ ਆਪਣੇ-ਆਪਣੇ ਵਿਭਾਗ ਨਾਲ ਸਬੰਧਤ ਲੋਕ ਪੱਖੀ ਸਕੀਮਾਂ ਸਬੰਧੀ ਜਾਗਰੂਕਤਾ ਫੈਲਾਈ ਗਈ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਇਨ੍ਹਾਂ ਸਟਾਲਾਂ ਜਰੀਏ ਕੀਤਾ ਗਿਆ।  ਇਹ ਇੱਕ ਤਰਾਂ ਦਾ ਵਿਲੱਖਣ ਸੱਭਿਆਚਾਰਕ ਪ੍ਰੋਗਰਾਮ ਸੀ, ਜਿਸ ਵਿੱਚ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਵੀ ਲਾਹਾ ਦਿੱਤਾ ਗਿਆ।