ਮਹਾਰਾਸ਼ਟਰ 'ਚ ਭਿਆਨਕ ਸੜਕ ਹਾਦਸਾ, 9 ਲੋਕਾਂ ਦੀ ਮੌਤ

ਗੋਂਦੀਆ, 29 ਨਵੰਬਰ 2024 : ਮਹਾਰਾਸ਼ਟਰ ਦੇ ਗੋਂਡੀਆ 'ਚ ਸ਼ੁੱਕਰਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਬੱਸ ਪਲਟਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਹੈ। ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਗੋਂਦੀਆ ਕੋਹਾਮਾਰਾ ਰਾਜ ਮਾਰਗ 'ਤੇ ਪਿੰਡ ਖਜਰੀ ਨੇੜੇ ਬਾਈਕ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਸ਼ਿਵਸ਼ਾਹੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਮਹਾਰਾਸ਼ਟਰ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਹੈ। ਬੱਸ ਪਲਟਣ ਕਾਰਨ ਸਵਾਰੀਆਂ ਦੀ ਕੁਚਲ ਕੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ 29 ਨਵੰਬਰ ਨੂੰ ਦੁਪਹਿਰ 12:00 ਤੋਂ 12:30 ਵਜੇ ਦਰਮਿਆਨ ਵਾਪਰੀ ਸੀ। ਭੰਡਾਰਾ ਤੋਂ ਸਕੋਲੀ ਲਖਾਨੀ ਵਾਇਆ ਗੋਂਡੀਆ ਵੱਲ ਜਾ ਰਹੀ ਸ਼ਿਵਸ਼ਾਹੀ ਬੱਸ (ਨੰਬਰ ਐਮ.ਐਚ. 09/ਈ. ਐਮ. 1273) ਦੇ ਸਾਹਮਣੇ ਅਚਾਨਕ ਇੱਕ ਬਾਈਕ ਆ ਗਿਆ। ਬਾਈਕ ਚਾਲਕ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਡਰਾਈਵਰ ਬੇਕਾਬੂ ਹੋ ਗਿਆ, ਜਿਸ ਕਾਰਨ ਤੇਜ਼ ਰਫਤਾਰ ਬੱਸ ਪਲਟ ਗਈ। ਹਾਦਸੇ ਦੇ ਸਮੇਂ ਬੱਸ ਵਿੱਚ 35 ਤੋਂ ਵੱਧ ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ 9 ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਘਟਨਾ 'ਚ ਕੁਝ ਲੋਕ ਗੰਭੀਰ ਰੂਪ 'ਚ ਜ਼ਖਮੀ ਹੋਏ ਹਨ। ਚਸ਼ਮਦੀਦਾਂ ਮੁਤਾਬਕ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ। ਰਾਹਗੀਰਾਂ ਵੱਲੋਂ ਸੂਚਨਾ ਮਿਲਣ ’ਤੇ ਐਂਬੂਲੈਂਸ ਵਿਭਾਗ ਅਤੇ ਪੁਲੀਸ ਵਿਭਾਗ ਦੇ ਲੋਕ ਮੌਕੇ ’ਤੇ ਪੁੱਜੇ। ਜ਼ਖਮੀ ਯਾਤਰੀਆਂ ਨੂੰ ਬਾਹਰ ਕੱਢ ਕੇ ਇਲਾਜ ਲਈ ਗੋਂਡੀਆ ਦੇ ਜ਼ਿਲਾ ਸਰਕਾਰੀ ਕੇ.ਟੀ.ਐੱਸ. ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬੱਸ ਨੂੰ ਚੁੱਕਣ ਲਈ ਕਰੇਨ ਦੀ ਮਦਦ ਲਈ ਜਾ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। 

ਕਾਰਜਕਾਰੀ ਮੁੱਖ ਮੰਤਰੀ ਸ਼ਿੰਦੇ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ
ਮਹਾਰਾਸ਼ਟਰ ਦੇ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਟਰਾਂਸਪੋਰਟ ਪ੍ਰਸ਼ਾਸਨ ਨੂੰ ਆਦੇਸ਼ ਦਿੱਤਾ ਹੈ ਕਿ ਉਹ ਜਲਦ ਹੀ ਇਸ ਹੁਕਮ ਨੂੰ ਲਾਗੂ ਕਰੇ।

ਮ੍ਰਿਤਕ ਸ਼ਰਧਾਂਜਲੀ ਭੇਟ ਕਰਦਾ ਹਾਂ : ਫੜਨਵੀਸ 
ਦੇਵੇਂਦਰ ਫੜਨਵੀਸ ਨੇ ਇਸ ਘਟਨਾ 'ਤੇ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ, “ਇਹ ਬਹੁਤ ਮੰਦਭਾਗਾ ਹੈ ਕਿ ਗੋਂਦੀਆ ਜ਼ਿਲ੍ਹੇ ਦੇ ਰੋਡ ਅਰਜੁਨੀ ਨੇੜੇ ਇੱਕ ਸ਼ਿਵਸ਼ਾਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਕੁਝ ਯਾਤਰੀਆਂ ਦੀ ਮੌਤ ਹੋ ਗਈ।  ਮੈਂ ਮ੍ਰਿਤਕ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਦਾ ਹਾਂ। ਇਸ ਘਟਨਾ 'ਚ ਜ਼ਖਮੀ ਹੋਏ ਲੋਕਾਂ ਨੂੰ ਜੇਕਰ ਕਿਸੇ ਨਿੱਜੀ ਹਸਪਤਾਲ 'ਚ ਇਲਾਜ ਕਰਵਾਉਣ ਦੀ ਲੋੜ ਪੈਂਦੀ ਹੈ ਤਾਂ ਵੀ ਤੁਰੰਤ ਅਜਿਹਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮੈਂ ਗੋਂਡੀਆ ਕਲੈਕਟਰ ਨੂੰ ਵੀ ਕਿਹਾ ਹੈ ਕਿ ਜੇ ਲੋੜ ਪਈ ਤਾਂ ਉਸ ਨੂੰ ਨਾਗਪੁਰ ਸ਼ਿਫਟ ਕਰਨ ਦਾ ਪ੍ਰਬੰਧ ਕੀਤਾ ਜਾਵੇ।