ਕੈਬਨਿਟ ਮੰਤਰੀ ਹਰਜੋਤ ਸਿੰਘ ਬੈਸ  ਨੇ 90 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਲਿਫਟ ਸਿੰਚਾਈ ਯੋਜਨਾ ਦਾ ਨੀਂਹ ਪੱਥਰ ਰੱਖਿਆ

ਸ਼੍ਰੀ ਅਨੰਦਪੁਰ ਸਾਹਿਬ 29 ਨਵੰਬਰ,2024 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 2023 ਦੇ ਬਜਟ ਦੌਰਾਨ ਵਿੱਤ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਨੀਮ ਪਹਾੜੀ ਇਲਾਕੇ ਚੰਗਰ ਦੇ ਵਿੱਚ ਸਿੰਚਾਈ ਲਈ ਪਾਣੀ ਪਹੁੰਚਾਉਣ ਦੀ ਲਿਫਟ ਸਿੰਚਾਈ ਯੋਜਨਾ ਵਾਸਤੇ 80 ਕਰੋੜ ਰੁਪਏ ਪ੍ਰਵਾਨ ਕੀਤੇ ਅਤੇ 23 ਵਿਭਾਗਾ ਦੀ ਪ੍ਰਵਾਨਗੀ ਉਪਰੰਤ ਇਸ ਯੋਜਨਾ ਤੇ ਅੱਜ ਕੰਮ ਸੁਰੂ ਹੋ ਗਿਆ ਹੈ। 10 ਪੰਪ ਸੈਟ ਸਥਾਪਿਤ ਕਰਕੇ 3300 ਏਕੜ ਰਕਬੇ ਨੂੰ ਸਿੰਚਾਈ ਵਾਸਤੇ ਪਾਣੀ ਦੇਣ ਲਈ 90 ਕਰੋੜ ਰੁਪਏ ਦੀ ਇਸ ਯੋਜਨਾ ਨੂੰ ਛੇ ਮਹੀਨੇ ਵਿੱਚ ਮੁਕੰਮਲ ਕੀਤਾ ਜਾਵੇਗਾ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਸ ਨੇ ਅੱਜ ਸਮਲਾਹ ਵਿਖੇ ਲਗਭਗ 90 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਲਿਫਟ ਸਿੰਚਾਈ ਯੋਜਨਾ ਦਾ ਨੀਂਹ ਪੱਥਰ ਰੱਖਣ ਮੌਕੇ ਇਲਾਕੇ ਦੇ ਇੱਕ ਦਰਜਨ ਤੋ ਵੱਧ ਚੰਗਰ ਦੇ ਪਿੰਡਾਂ ਦੇ ਭਰਵੇ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਲਗਭਗ 7 ਦਹਾਕਿਆਂ ਤੋਂ ਇਸ ਇਲਾਕੇ ਦੇ ਲੋਕ ਸਿੰਚਾਈ ਲਈ ਪਾਣੀ ਵਰਗੀ ਬੁਨਿਆਦੀ ਸਹੂਲਤ ਨਾ ਮਿਲਣ ਕਾਰਨ ਸੰਤਾਪ ਹੰਡਾਂ ਰਹੇ ਹਨ। ਚੰਗਰ ਦੇ ਪਿੰਡਾਂ ਵਿਚ ਪਾਣੀ ਨਹੀ ਹੈ ਤੇ ਪਸ਼ੂਆਂ ਨੂੰ ਸਤਲੁਜ ਨੇੜੇ ਹੇਠਲੇ ਖੇਤਰਾਂ ਵਿਚ ਲੈ ਕੇ ਜਾਣਾ ਪੈਂਦਾਂ ਹੈ, ਜੇ ਕੁਦਰਤ ਦੀ ਕ੍ਰਿਪਾ ਨਾਲ ਸਮੇਂ ਸਿਰ ਬਰਸਾਤ ਹੋ ਜਾਵੇ ਤਾਂ ਫਸਲਾਂ ਨੂੰ ਬੇਸਹਾਰਾ ਪਸ਼ੂ ਖਰਾਬ ਕਰ ਦਿੰਦੇ ਹਨ, ਕਿਉਕਿ ਫਸਲਾ ਦੇ ਆਲੇ ਦੁਆਲੇ ਤਾਰ ਦੀ ਵਿਵਸਥਾ ਨਹੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਚੰਗਰ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਦਾ ਸੁਪਨਾ ਸਾਕਾਰ ਹੋਇਆ ਹੈ ਤੇ ਚੰਗਰ ਇਲਾਕੇ ਨੂੰ ਚੰਗਾ ਇਲਾਕਾ ਬਣਾਉਣ ਲਈ ਇਸ ਦੀ ਤਸਵੀਰ ਤੇ ਇੱਥੇ ਰਹਿ ਰਹੇ ਲੋਕਾਂ ਦੀ ਤਕਦੀਰ ਬਦਲਣ ਲਈ ਵਰਲਡ ਬੈਂਕ ਦੇ ਸਹਿਯੋਗ ਨਾਲ 300 ਕਰੋੜ ਰੁਪਏ ਦੀ ਹੋਰ ਯੋਜਨਾ ਤਿਆਰ ਕੀਤੀ ਜਾ ਰਹੀ ਹੈ, ਜਿਸ ਨਾਲ ਹਰ ਘਰ ਤੱਕ ਪੀਣ ਵਾਲਾ ਸਾਫ ਪਾਣੀ ਅਤੇ ਇਲਾਕੇ ਦੇ ਖੇਤਾਂ ਵਿੱਚ ਤਾਰ ਲਗਾਉਣ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਦੋ ਦਹਾਕਿਆਂ ਤੋ ਵੱਧ ਪੁਰਾਣੇ ਬੰਦ ਪਏ ਚਾਰ ਡੂੰਘੇ ਟਿਊਬਵੈਲ ਚਾਲੂ ਕੀਤੇ ਗਏ ਹਨ, ਤੇ ਦੂਜੇ ਦੋ ਹੋਰ ਨਵੇ ਟਿਊਬਵੈਲ ਸੁਰੂ ਕੀਤੇ ਗਏ ਹਨ। ਇਸ ਇਲਾਕੇ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਕੀਤੇ ਜਾ ਰਹੇ ਉਪਰਾਲਿਆਂ ਤੇ ਆਪਣੇ ਮੰਤਰਾਲੇ ਨਾਲ ਸਬੰਧਿਤ ਵਿਭਾਗਾਂ ਦੀ ਕਾਰਗੁਜਾਰੀ ਦੀ ਚਰਚਾ ਕਰਦੇ ਹੋਏ  ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਦੋ ਸਕੂਲ ਆਂਫ ਐਮੀਨੈਂਸ ਨੰਗਲ ਅਤੇ ਕੀਰਤਪੁਰ ਸਾਹਿਬ ਵਿੱਚ ਬਣਾਏ ਜਾ ਰਹੇ ਹਨ। 12 ਕਰੋੜ ਨਾਲ ਕੀਰਤਪੁਰ ਸਾਹਿਬ ਵਿਚ ਤਿਆਰ ਹੋ ਰਿਹਾ ਸਕੂਲ ਆਂਫ ਐਮੀਨੈਂਸ ਮਾਡਲ ਅਤੇ ਕਾਨਵੈਂਟ ਸਕੂਲਾਂ ਨੂੰ ਮਾਤ ਪਾਵੇਗਾ। ਉਨ੍ਹਾਂ ਨੇ ਕਿਹਾ ਕਿ ਨੰਗਲ ਦੇ ਸਕੂਲ ਆਂਫ ਐਮੀਨੈਂ ਵਿੱਚ ਸਵੀਮਿੰਗ ਪੂਲ ਬਣਾਇਆ ਜਾ ਰਿਹਾ ਹੈ ਜਿੱਥੇ 365 ਦਿਨ ਸਵੀਮਿੰਗ ਦੇ ਪ੍ਰਬੰਧ ਹੋਣਗੇ। ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਸਕੂਲ ਵਿੱਚ ਸੂਟਿੰਗ ਰੇਂਜ਼ ਅਗਲੇ ਦੋ ਮਹੀਨੇ ਵਿਚ ਸੁਰੂ ਹੋ ਜਾਵੇਗੀ। ਹਾਕੀ ਅਤੇ ਫੁੱਟਬਾਲ ਦੇ ਐਸਟ੍ਰੋਟਰਫ ਗਰਾਊਡ ਬਣਾਏ ਜਾ ਰਹੇ ਹਨ, ਥਲੂਹ ਵਿਚ 20 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਆਧੁਨਿਕ ਖੇਡ ਸਟੇਡੀਅਮ ਬਣਾਇਆ ਜਾ ਰਿਹਾ ਹੈ, ਜਿੱਥੇ ਹਰ ਤਰਾਂ ਦੀਆਂ ਖੇਡਾਂ ਦੀ ਸਹੂਲਤ ਮੋਜੂਦ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਲਖੇੜ ਵਿਚ ਦੇਸ਼ ਦਾ ਸਭ ਤੋ ਬਿਹਤਰੀਨ ਸਕੂਲ ਆਫ ਹੈਪੀਨੈਂਸ ਬਣਾਇਆ ਜਾ ਰਿਹਾ ਹੈ, ਜਿੱਥੇ ਪ੍ਰਾਇਮਰੀ ਪੱਧਰ ਤੱਕ ਦੀ ਵਿੱਦਿਆਂ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਹਜ਼ਾਰਾ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ, ਸਕੂਲਾਂ ਵਿੱਚ ਟ੍ਰਾਸਪੋਰਟ ਦੀ ਸਹੂਲਤ, ਕੈਂਪਸ ਮੈਨੇਜਰ, ਸੁਰੱਖਿਆ ਗਾਰਡ, ਸਫਾਈ ਸੇਵਕ, ਅਤਿ ਆਧੁਨਿਕ ਪ੍ਰਯੌਗਸ਼ਾਲਾ, ਚਾਰਦੀਵਾਰੀ ਤਿਆਰ ਕੀਤੀ ਗਈ ਹੈ। 3600 ਕਰੋੜ ਰੁਪਏ ਵਰਲਡ ਬੈਂਕ ਤੋ ਲਿਆ ਕੇ ਪੰਜਾਬ ਦੇ ਸਿੱਖਿਆ ਢਾਂਚੇ ਵਿਚ ਕ੍ਰਾਂਤੀਕਾਰੀ ਬਦਲਾਅ ਲਿਆਦੇ ਗਏ ਹਨ। ਹਰਜੋਤ ਬੈਂਸ ਨੇ ਕਿਹਾ ਕਿ ਕੀਰਤਪੁਰ ਸਾਹਿਬ ਵਿੱਚ 2.50 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਾਇਮਰੀ ਹੈਲਥ ਸੈਂਟਰ ਨੂੰ ਬਣਾਇਆ ਜਾ ਰਿਹਾ ਹੈ, ਹਲਕੇ ਦੇ ਸਾਰੇ ਆਮ ਆਦਮੀ ਕਲੀਨਿਕ ਸਫਲਤਾਪੂਰਵਕ ਸੇਵਾਵਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਪੰਜਾਬ ਸਰਹੱਦ ਨਾਲ ਲੱਗਦਾ ਨੀਮ ਪਹਾੜੀ ਇਲਾਕਾ ਕੁਦਰਤੀ ਸੁਹੱਪਣ ਦੀ ਮੂੰਹ ਬੋਲਦੀ ਤਸਵੀਰ ਹੈ। ਅੱਜ ਤੋ ਪਹਿਲਾ ਕਿਸੇ ਵੀ ਨੁਮਾਇੰਦੇ ਨੇ ਇਸ ਇਲਾਕੇ ਦੀ ਪ੍ਰਗਤੀ ਤੇ ਖੁਸ਼ਹਾਲੀ ਬਾਰੇ ਉਪਰਾਲੇ ਨਹੀ ਕੀਤੇ, ਸਗੋ ਇਨ੍ਹਾਂ ਲੋਕਾਂ ਨੂੰ ਪਿਛੜੇ ਹੀ ਰਹਿਣ ਦਿੱਤਾ, ਜਦੋਂ ਕਿ ਕੁਦਰਤੀ ਸ੍ਰੋਤਾਂ ਨਾਲ ਭਰਪੂਰ ਸੂਬੇ ਦਾ ਸਭ ਤੋ ਸੁੰਦਰ ਇਲਾਕਾ ਸੈਰ ਸਪਾਟਾ ਹੱਬ ਵਜੋਂ ਵਿਕਸਤ ਹੋ ਸਕਦਾ ਸੀ, ਅਸੀ ਇਸ ਲਈ ਕੰਮ ਸੁਰੂ ਕਰ ਦਿੱਤਾ ਹੈ। ਖਾਲਸੇ ਦੀ ਜਨਮ ਸਥਲੀ ਤੇ ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਤੋ ਇਲਾਵਾ ਮਾਤਾ ਸ੍ਰੀ ਨੈਣਾ ਦੇਵੀ ਦੀਆਂ ਪਹਾੜੀਆਂ ਦੇ ਨੇੜੇ ਇਸ ਇਲਾਕੇ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਦੋ ਸਾਲਾ ਦੌਰਾਨ ਇਹ ਇਲਾਕਾ ਪੰਜਾਬ ਦਾ ਸਭ ਤੋ ਸੁੰਦਰ ਤੇ ਖੁਸ਼ਹਾਲ ਇਲਾਕਾ ਬਣ ਜਾਵੇਗਾ, ਜਿੱਥੇ ਸਾਰੀਆ ਸੜਕਾਂ ਘੱਟੋ ਘੱਟ 18 ਫੁੱਟ ਚੋੜੀਆਂ ਹੋਣਗੀਆ। ਉਨ੍ਹਾਂ ਨੇ ਕਿਹਾ ਕਿ ਅਸੀ ਮੋਜੂਦਾ ਸਮੇ ਕਈ ਸੜਕਾਂ ਨੂੰ ਚੋੜਾ ਕਰ ਰਹੇ ਹਾਂ, ਪੁੱਲਾਂ ਦਾ ਨਿਰਮਾਣ ਹੋ ਰਿਹਾ ਹੈ ਤੇ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦਿੱਤੀ ਹੈ। ਇਸ ਮੌਕੇ ਸਮਲਾਹ ਤੇ ਹੋਰ ਇਲਾਕੇ ਦੀਆਂ ਪੰਚਾਇਤਾ ਵੱਲੋਂ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਲਿਫਟ ਇਰੀਗੇਸ਼ਨ ਪ੍ਰੋਜੈਕਟ ਦੇ ਕੰਮ ਦੀ ਸੁਰੂਆਤ ਕਰਨ ਲਈ ਵਿਸੇਸ਼ ਸਨਮਾਨ ਕੀਤਾ ਗਿਆ। ਕੈਬਨਿਟ ਮੰਤਰੀ ਨੇ ਉਨ੍ਹਾਂ ਪਰਿਵਾਰਾ ਦਾ ਵੀ ਸਨਮਾਨ ਕੀਤਾ ਜ਼ਿਨ੍ਹਾਂ ਨੇ ਲਿਫਟ ਸਿੰਚਾਈ ਯੋਜਨਾ ਲਈ ਆਪਣੀ ਜ਼ਮੀਨ ਮੁਫਤ ਵਿਚ ਦੇ ਕੇ ਇਸ ਸਕੀਮ ਨੂੰ ਮੁਕੰਮਲ ਕਰਨ ਵਿੱਚ ਵਿਸੇਸ਼ ਭੂਮਿਕਾ ਨਿਭਾਈ। ਇਸ ਮੌਕੇ ਚੰਦਰਯੋਤੀ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ, ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਕਮਿੱਕਰ ਸਿੰਘ ਡਾਢੀ ਚੇਅਰਮੈਨ, ਸੂਬੇਦਾਰ ਰਾਜਪਾਲ ਮੋਹੀਵਾਲ ਬਲਾਕ ਪ੍ਰਧਾਨ, ਸੋਨੂੰ ਚੋਧਰੀ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਜਸਪ੍ਰੀਤ ਜੇ.ਪੀ, ਦਮਨਪ੍ਰੀਤ ਸਿੰਘ ਕਾਰਜਕਾਰੀ ਇੰਜੀਨਿਅਰ, ਇਸ਼ਾਨ ਚੋਧਰੀ ਬੀਡੀਪੀਓ, ਜਸਪ੍ਰੀਤ ਸਿੰਘ ਐਸ.ਡੀ.ਓ, ਸਰਪੰਚ ਮੋਹੀਵਾਲ ਹਾਜ਼ਰ ਸਨ।