ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ, ਪੁਲਿਸ ਤੇ ਬੇਰੁਜ਼ਗਾਰਾਂ ਵਿਚਾਲੇ ਹੋਈ ਧੱਕਾਮੁੱਕੀ  

ਸੰਗਰੂਰ, 23 ਮਾਰਚ, 2025 : ਸਥਾਨਕ ਵੇਰਕਾ ਮਿਲਕ ਪਲਾਂਟ ਤੋ ਇਕੱਠੇ ਹੋ ਕੇ ਬੇਰੁਜ਼ਗਾਰ ਸ੍ਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਫੋਟੋ ਲੈਕੇ ਮੁੱਖ ਮੰਤਰੀ ਦੀ ਕੋਠੀ ਵੱਲ ਨੂੰ ਮਾਰਚ ਕਰਦੇ ਜਿਉਂ ਮੁੱਖ ਮੰਤਰੀ ਦੀ ਕੋਠੀ ਅੱਗੇ ਪਹੁੰਚੇ ਤਾਂ ਪਹਿਲਾਂ ਤੋ ਤਾਇਨਾਤ ਪੁਲਸ ਪ੍ਰਸ਼ਾਸਨ ਨੇ ਰੋਕਣਾ ਚਾਹਿਆ ਤਾਂ ਬੇਰੁਜ਼ਗਾਰ ਅੱਗੇ ਵਧਣ ਲਈ ਜੱਦੋ ਜਹਿਦ ਕਰਦੇ ਰਹੇ। ਇਸ ਮੌਕੇ ਪੁਲੀਸ ਪ੍ਰਸਾਸਨ ਨੇ ਬੇਰੁਜ਼ਗਾਰਾਂ ਨੂੰ ਖਦੇੜ ਦਿੱਤਾ। ਇਸ ਕਸ਼ਮਕਸ਼ ਵਿੱਚ ਬੇਰੁਜ਼ਗਾਰਾਂ ਦੀਆਂ ਪੱਗਾਂ ਲੱਥ ਗਈਆਂ। ਬੇਰੁਜ਼ਗਾਰ ਆਗੂ ਅਮਨ ਸੇਖਾ ਦੀ ਕਮੀਜ਼ ਫਟ ਗਈ। ਇਸ ਮੌਕੇ ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ, ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਘੁਬਾਇਆ ਅਤੇ ਹਰਜਿੰਦਰ ਸਿੰਘ ਬੁਢਲਾਡਾ ਨੇ ਦੱਸਿਆ ਕਿ 2 ਮਾਰਚ ਦੇ ਰੋਸ ਪ੍ਰਦਰਸ਼ਨ ਮੌਕੇ ਸਥਾਨਕ ਪ੍ਰਸ਼ਾਸਨ ਨੇ 5 ਮਾਰਚ ਨੂੰ ਪੰਜਾਬ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਕਰਵਾਉਣ ਦੀ ਪੱਤ੍ਰਕਾ ਜਾਰੀ ਕੀਤੀ ਸੀ। ਪ੍ਰੰਤੂ ਕਰੀਬ ਦੋ ਹਫ਼ਤੇ ਲੰਘਣ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਮੀਟਿੰਗ ਨਹੀਂ ਕੀਤੀ।  ਇਸ ਮੌਕੇ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਦੀ 8 ਅਪ੍ਰੈਲ ਨੂੰ ਪੰਜਾਬ ਕੈਬਨਿਟ ਸਬ ਕਮੇਟੀ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਪੱਤਰ ਜਾਰੀ ਕੀਤਾ ਗਿਆ ਤਾਂ ਬੇਰੁਜ਼ਗਾਰਾਂ ਵੱਲੋਂ ਧਰਨਾ ਖ਼ਤਮ ਕਰ ਦਿੱਤਾ ਗਿਆ, ਇਸ ਮੌਕੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸ੍ਰ. ਢਿੱਲਵਾਂ, ਰਮਨ ਅਤੇ ਜਸਵੰਤ  ਸਿੰਘ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ, ਲੈਕਚਰਾਰਾਂ, ਮੁੱਖ ਅਧਿਆਪਕਾਂ ਅਤੇ ਵਿਸ਼ਾ ਅਧਿਆਪਕਾਂ ਦੀਆਂ ਹਜ਼ਾਰਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ ਤੇ ਦੂਜੇ ਪਾਸੇ ਬੇਰੁਜ਼ਗਾਰ ਟੈੱਟ ਪਾਸ ਬੀਐੱਡ ਅਧਿਆਪਕ ਨੌਕਰੀ ਲੈਣ ਲਈ ਸੜਕਾਂ ਉੱਤੇ ਧਰਨੇ ਮੁਜ਼ਾਹਰੇ ਕਰਨ ਲਈ ਮਜ਼ਬੂਰ ਹੋ ਰਹੇ ਹਨ। ਸਰਕਾਰਾਂ ਵੱਲੋਂ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਨਿੱਤ ਦਿਨ ਛੱਲੀਆਂ ਵਾਂਗ ਕੁੱਟਿਆ ਜਾਂਦਾ ਹੈ। ਭਰਤੀ ਨਾ ਕੀਤੇ ਜਾਣ ਕਰਕੇ ਇਹਨਾਂ ਵਿੱਚੋਂ 5 ਹਜ਼ਾਰ ਦੇ ਲੱਗਭੱਗ ਟੈੱਟ ਪਾਸ ਅਧਿਆਪਕ ਉਮਰ ਦੀ ਨਿਰਧਾਰਿਤ ਹੱਦ ਪਾਰ ਕਰ ਚੁੱਕੇ ਹਨ ਅਤੇ ਦਸ ਹਜ਼ਾਰ ਦੇ ਲੱਗਭੱਗ ਹੋਰ ਅਧਿਆਪਕਾਂ ਵੱਲੋਂ ਪਾਸ ਕੀਤੇ ਟੈੱਟ ਦੀ ਮਿਆਦ ਖਤਮ ਹੋਣ ਵਾਲ਼ੀ ਹੈ। ਲੋੜ ਤਾਂ ਇਹ ਹੈ ਕਿ ਲੋਕਾਂ ਦੀ ਸਹੂਲਤ ਲਈ ਹੋਰ ਨਵੇਂ ਸਕੂਲ ਖੋਲ੍ਹੇ ਜਾਣ ਤੇ ਅਧਿਆਪਕਾਂ ਦੀਆਂ ਨਵੀਂਆਂ ਅਸਾਮੀਆਂ ਸਿਰਜੀਆਂ ਜਾਣ, ਪਰ ਸਰਕਾਰ ਪਹਿਲਾਂ ਤੋਂ ਚੱਲ ਰਹੇ ਸਕੂਲਾਂ ਨੂੰ ਵੀ ਬੰਦ ਕਰ ਰਹੀ ਹੈ। ਖਾਲੀ ਅਸਾਮੀਆਂ ਨੂੰ ਭਰਨ ਦੀ ਬਜਾਏ ਆਰਜ਼ੀ ਪ੍ਰਬੰਧਾਂ ਰਾਹੀਂ ਬੁੱਤਾ ਸਾਰਿਆ ਜਾ ਰਿਹਾ ਹੈ ਜਾਂ ਫਿਰ ਰੈਸਨੇਲਾਈਜੇਸ਼ਨ ਦੇ ਨਾਮ ‘ਤੇ ਅਧਿਆਪਕਾਂ ਨੂੰ ਇੱਧਰੋਂ-ਉੱਧਰ ਕਰਕੇ ਵੱਡੇ ਪੱਧਰ ਉੱਤੇ ਅਸਾਮੀਆਂ ਨੂੰ ਖਤਮ ਕਰਨ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਇਹ ਸਭ ਨਿੱਜੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਦੇ ਅਧੀਨ ਹੀ ਹੋ ਰਿਹਾ ਹੈ। ਅੱਜ ਜੇਕਰ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਵੀ ਪੂਰੀ ਤਰਾਂ ਖੜ੍ਹਾ ਨਹੀਂ ਹੋ ਸਕਿਆ ਤਾਂ ਇਸਦੇ ਲਈ ਸਿੱਖਿਆ ਪ੍ਰਤੀ ਸਰਕਾਰ ਦੀ ਉਦਾਸੀਨਤਾ ਅਤੇ ਕਾਰਪੋਰੇਟ ਪੱਖੀ ਨੀਤੀਆਂ ਹੀ ਜਿੰਮੇਵਾਰ ਹਨ। ਨਿੱਜੀਕਰਨ ਦੀ ਪਟੜੀ ‘ਤੇ ਸਰਪਟ ਦੌੜ ਰਹੀ ਆਰਥਿਕਤਾ ਰੂਪੀ ਗੱਡੀ ਹੁਣ ਤੱਕ ਕਈ ਸਰਕਾਰੀ ਮਹਿਕਮਿਆਂ ਦਾ ਭੋਗ ਪਾ ਚੁੱਕੀ ਹੈ ਤੇ ਕਈ ਮਹਿਕਮੇ ਆਖਰੀ ਸਾਹਾਂ ‘ਤੇ ਹਨ। ਇਹਨਾਂ ਆਖਰੀ ਸਾਹ ਗਿਣ ਰਹੇ ਸਰਕਾਰੀ ਮਹਿਕਮਿਆਂ ਵਿੱਚੋਂ ਦੋ ਸਭ ਤੋਂ ਅਹਿਮ ਮਹਿਕਮੇ ਸਿਹਤ ਤੇ ਸਿੱਖਿਆ ਹਨ, ਜੋ ਮਰਨ ਤੋਂ ਪਹਿਲਾਂ ਹਾਲੇ ਸਟਪਟਾ ਰਹੇ ਹਨ। ਸਰਕਾਰੀ ਸਕੂਲਾਂ ਉੱਪਰ ਖਤਰੇ ਦੇ ਸੰਘਣੇ ਬੱਦਲ ਛਾਏ ਹੋਏ ਹਨ ਅਤੇ ਕਾਰਪੋਰੇਟ ਘਰਾਣੇ ਸਿੱਖਿਆ ਨੂੰ ਆਪਣੇ ਹੱਥਾਂ ਵਿੱਚ ਲੈਣ ਲਈ ਗਿਰਝਾਂ ਵਾਂਗਰ ਮੰਡਰਾ ਰਹੇ ਹਨ ਤਾਂ ਜੋ ਮੋਟਾ ਮੁਨਾਫਾ ਕਮਾਇਆ ਜਾ ਸਕੇ ਅਤੇ ਸਾਡੀ ਸਿੱਖਿਆ ਇਨਸਾਨੀਅਤ ਕੇਂਦਰਤ ਹੋਣ ਦੀ ਥਾਂ ਮੁਨਾਫਾ ਕੇਂਦਰਤ ਹੋ ਗਈ ਹੈ, ਜਿਸ ਕਰਕੇ ਸਮਾਜ ਵਿੱਚੋਂ ਨੈਤਿਕਤਾ ਖਤਮ ਹੋ ਰਹੀ ਹੈ। ਜਦੋਂ ਸਿੱਖਿਆ ਵਪਾਰੀਆਂ ਦੇ ਹੱਥਾਂ ਵਿੱਚ ਆ ਜਾਵੇ ਤਾਂ ਸਕੂਲਾਂ ਵਿੱਚੋਂ ਚੰਗੇ ਇਨਸਾਨ ਪੈਦਾ ਹੋਣ ਦੀ ਕਾਮਨਾ ਵੀ ਨਹੀਂ ਕੀਤੀ ਜਾ ਸਕਦੀ ਹੈ। ਪਹਿਲਾਂ ਕਿਤਾਬਾਂ ਵਿੱਚ ਲਿਖਿਆ ਪੜ੍ਹਦੇ ਹੁੰਦੇ ਸਾਂ ਕਿ ‘ਵਿੱਦਿਆ ਵੀਚਾਰੀ ਤਾਂ ਪਰ-ਉਪਕਾਰੀ’ ਅੱਜ ਸਰਕਾਰ ਦੀਆਂ ਨੀਤੀਆਂ ਨੇ ਵਿੱਦਿਆ ਨੂੰ ‘ਵਿਚਾਰੀ’ ਬਣਾ ਦਿੱਤਾ ਹੈ ਤੇ ਇਸਨੂੰ ਪਰ-ਉਪਕਾਰੀ ਨਹੀਂ ਰਹਿਣ ਦਿੱਤਾ। ਸਿੱਖਿਆ ਨੂੰ ਵਪਾਰੀਆਂ ਤੇ ਸਰਮਾਏਦਰਾਰਾਂ ਦੇ ਖੂਨੀ ਪੰਜਿਆਂ ਚੋਂ ਬਚਾਉਣ ਅਤੇ ਇਸਨੂੰ ਫਿਰ ਤੋਂ ਪਰ-ਉਪਕਾਰੀ ਬਣਾਉਣ ਲਈ ਅੱਜ ਵੱਡੇ ਲੋਕ ਘੋਲ਼ਾਂ ਦੀ ਜਰੂਰਤ ਹੈ। ਇਸ ਮੌਕੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਓਵਰ ਏਜ਼ ਨੇ ਆਪਣੇ ਗਲ ਵਿੱਚ ਸੰਗਲ ਪਾ ਕੇ ਰੋਸ ਪ੍ਰਦਰਸ਼ਨ ਕੀਤਾ।ਉਹਨਾਂ ਦੱਸਿਆ ਕਿ 15 ਅਗਸਤ 2021 ਨੂੰ ਈਸੜੂ ਵਿਖੇ ਗੋਆ ਦੇ ਸ਼ਹੀਦ ਕਰਨੈਲ ਸਿੰਘ ਦੀ ਯਾਦ ਵਿੱਚ ਹੁੰਦੇ ਸਮਾਗਮ ਬਤੌਰ ਸੰਸਦ ਮੈਂਬਰ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਬੇਰੁਜ਼ਗਾਰਾਂ ਦੇ ਲੁਹਾਏ ਜਾਣਗੇ।ਉਮਰ ਹੱਦ ਛੋਟ ਦਿੱਤੀ ਜਾਵੇਗੀ।ਓਹੀ ਬੇਰੁਜ਼ਗਾਰ ਅੱਜ ਉਸੇ ਤਰੀਕੇ ਸੰਗਲ ਪਹਿਨ ਕੇ, ਮੁਕਤੀ ਲੈਣ ਲਈ ਮੁੱਖ ਮੰਤਰੀ ਦੀ ਕੋਠੀ ਵੱਲ ਜਾਣ ਲੱਗਿਆ ਤਾਂ ਪੁਲਿਸ ਵੱਲੋਂ ਰੋਕ ਲਿਆ ਗਿਆ। ਇਸ ਮੌਕੇ ਅਧਿਆਪਕ ਯੂਨੀਅਨ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਪ੍ਰਧਾਨ ਵਿਕਰਮ ਦੇਵ ਅਤੇ ਰਘਵੀਰ ਸਿੰਘ ਭਵਾਨੀਗੜ੍ਹ ਅਮਨ ਸੇਖਾ, ਸੰਦੀਪ ਧੌਲਾ, ਨਛੱਤਰ ਸਿੰਘ, ਹਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਬਠਿੰਡਾ ਆਦਿ ਹਾਜ਼ਰ ਸਨ।