"ਸਟਾਪ ਡਾਇਰੀਆ" ਮੁਹਿੰਮ ਤਹਿਤ ਹੈਜੇ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਨੇ ਵਿਸ਼ੇਸ਼ ਉਪਰਾਲੇ : ਪਰਨੀਤ ਸ਼ੇਰਗਿੱਲ

  • ਬੱਚਿਆਂ ਨੂੰ ਘਰ ਘਰ ਜਾ ਕੇ ਦਿੱਤੇ ਜਾ ਰਹੇ ਨੇ ਓ.ਆਰ.ਐਸ. ਦੇ ਪੈਕਟ ਤੇ ਜਿੰਕ ਦੀਆਂ ਗੋਲੀਆਂ
  • ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ "ਸਟਾਪ ਡਾਇਰੀਆ ਮੁਹਿੰਮ" ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 29 ਜੁਲਾਈ 2024 : ਜ਼ਿਲ੍ਹੇ ਅੰਦਰ ਹੈਜੇ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ "ਸਟਾਪ ਡਾਇਰੀਆ" ਮੁਹਿੰਮ ਤਹਿਤ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਬਰਸਾਤਾਂ ਦੇ ਮੌਸਮ ਦੌਰਾਨ 0-5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਹੈਜੇ ਦੀ ਬਿਮਾਰੀ ਤੋਂ ਬਚਾਉਣ ਵਾਸਤੇ 31 ਅਗਸਤ ਤੱਕ " ਸਟਾਪ ਡਾਇਰੀਆ " ਮੁਹਿੰਮ ਚਲਾਈ ਜਾ ਰਹੀ ਹੈ, ਇਸ ਮੁਹਿੰਮ ਦੌਰਾਨ ਜ਼ਿਲ੍ਹੇ ਦੇ ਲਗਭਗ 54,000 ਬੱਚਿਆਂ ਨੂੰ ਘਰ-ਘਰ ਜਾ ਕੇ ਓ.ਆਰ.ਐਸ. ਦੇ ਪੈਕਟ ਵੰਡੇ ਜਾ ਰਹੇ ਹਨ ਤੇ 2 ਮਹੀਨੇ ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਜਿੰਕ ਦੀਆਂ 14-14 ਗੋਲੀਆਂ ਦਿੱਤੀਆਂ ਜਾਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੱਲ ਰਹੀ "ਸਟਾਪ ਡਾਇਰੀਆ" ਮੁਹਿੰਮ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਇਸ ਮੁਹਿੰਮ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਜਾਵੇ ਅਤੇ ਬੱਚਿਆਂ ਨੂੰ ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਮਹੱਤਤਾ ਅਤੇ ਆਪਣੇ ਆਪ ਦੀ ਸਾਫ ਸਫਾਈ ਰੱਖਣ ਸਬੰਧੀ ਜਾਣੂ ਕਰਵਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਸਮੂਹ ਐਸ.ਐਮ.ਓਜ ਨੂੰ ਹਦਾਇਤ ਕੀਤੀ ਕਿ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੀ ਟੈਸਟਿੰਗ ਕਰਵਾਈ ਜਾਵੇ। ਇਸ ਤੋਂ ਇਲਾਵਾ ਵੱਖ ਵੱਖ ਥਾਵਾਂ ਤੇ ਲੱਗਣ ਵਾਲੀਆਂ ਖਾਣ ਪੀਣ ਵਾਲੇ ਸਮਾਨ ਦੀਆਂ ਰੇਹੜੀਆਂ ਦੀ ਚੈਕਿੰਗ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਖਾਣ ਪੀਣ ਵਾਲੇ ਸਮਾਨ ਨੂੰ ਢੱਕ ਕੇ ਰੱਖਣ ਬਾਰੇ ਸੁਚੇਤ ਕੀਤਾ ਜਾਵੇ। ਇਸ ਤੋਂ ਇਲਾਵਾ ਆਈਸਕ੍ਰੀਮ ਦੀਆਂ ਰੇਹੜੀਆਂ ਦੀ ਖਾਸ ਤੌਰ ਤੇ ਚੈਕਿੰਗ ਕਰਕੇ ਆਈਸਕ੍ਰੀਮ ਦੀ ਗੁਣਵੱਤਾ ਪਰਖੀ ਜਾਵੇ, ਉਨ੍ਹਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਵਧਿਆ ਕਿਸਮ ਦੀ ਆਈਸਕ੍ਰੀਮ ਹੀ ਵੇਚਣ। ਡਿਪਟੀ ਕਮਿਸਨਰ ਨੇ ਕਿਹਾ ਕਿ ਟੀਚੇ ਅਨੁਸਾਰ ਪਾਣੀ ਦੇ ਸੈਂਪਲ ਇਕੱਤਰ ਕਰਕੇ ਲੈਬੋਰਟਰੀ ਵਿੱਚ ਭੇਜੇ ਜਾਣ ਅਤੇ ਕਿਸੇ ਵੀ ਥਾਂ ਤੇ ਬਿਮਾਰੀ ਦੀ ਸੂਚਨਾ ਮਿਲਣ ਤੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਤੁਰੰਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਕਿਸੇ ਵੀ ਅਧਿਕਾਰੀ ਕਰਮਚਾਰੀ ਵੱਲੋਂ ਇਸ ਕੰਮ ਵਿੱਚ ਕੋਈ ਕੁਤਾਹੀ ਨਾ ਵਰਤੀ ਜਾਵੇ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ, ਵਧੀਕ ਡਿਪਟੀ ਕਮਿਸ਼ਨਰ(ਵਿ) ਸ੍ਰੀ ਸੁਰਿੰਦਰ ਸਿੰਘ ਧਾਲੀਵਾਲ, ਸਿਵਲ ਸਰਜਨ ਡਾ: ਦਵਿੰਦਰਜੀਤ ਕੌਰ, ਸਹਾਇਕ ਸਿਵਲ ਸਰਜਨ ਸਵਪਨਜੀਤ ਤੋਂ ਇਲਾਵਾ ਸਮੂਹ ਐਸ.ਐਮ.ਓਜ਼ ਤੇ ਹੋਰਨਾ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।