ਐਸ.ਏ.ਐਸ. ਨਗਰ, 24 ਅਪ੍ਰੈਲ : ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਦੀ ਯੋਗ ਅਗਵਾਈ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਧੀਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਜੁਵੇਨਾਈਲ ਜਸਟਿਸ (ਕੇਅਰ ਅਤੇ ਪ੍ਰੌਟੈਕਸ਼ਨ ਆਫ਼ ਚਿਲਡਰਨ) ਐਕਟ ਅਧੀਨ ਕੰਮ ਕਰ ਰਹੇ ਸਪੈਸ਼ਲ ਜੁਵੇਨਾਈਲ ਪੁਲਿਸ ਅਧਿਕਾਰੀਆਂ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76, ਐਸ.ਏ.ਐਸ. ਨਗਰ ਵਿਖੇ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸ੍ਰੀ ਬਲਜਿੰਦਰ ਸਿੰਘ ਮਾਨ, ਸੀ.ਜੇ.ਐਮ.-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਸਪੈਸ਼ਲ ਜੁਵੇਨਾਈਲ ਪੁਲਿਸ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਨਾਬਾਲਗ ਬੱਚੇ ਦੇ ਕੇਸ ਨੂੰ ਡੀਲ ਕਰਦੇ ਸਮੇਂ ਪੁਲਿਸ ਅਧਿਕਾਰੀ ਵਰਦੀ ਵਿਚ ਨਹੀਂ ਹੋਣਾ ਚਾਹੀਦਾ ਬਲਕਿ ਸਾਦੇ ਕੱਪੜਿਆਂ ਵਿਚ ਹੋਣਾ ਚਾਹੀਦਾ ਹੈ। ਜੇਕਰ ਕਿਸੇ ਬੱਚੇ ਨੂੂੰ ਕੇਸ ਵਿਚ ਫੜਨਾ ਪਵੇ ਜਾਂ ਕਿਸੇ ਕਿਸਮ ਦੀ ਪੁੱਛ ਪੜਤਾਲ ਕਰਨੀ ਹੋਵੇ ਤਾਂ ਸਪੈਸ਼ਲ ਜੁਵੇਨਾਈਲ ਪੁਲਿਸ ਅਧਿਕਾਰੀ ਬੱਚੇ ਦੀ ਸਹੂਲਤ ਅਨੁਸਾਰ ਉਸ ਦੀ ਭਾਸ਼ਾ ਵਿਚ ਗੱਲ ਕਰੇਗਾ। ਇਸ ਤੋਂ ਇਲਾਵਾ ਜੇਕਰ ਤਫ਼ਤੀਸ਼ ਜਾਂ ਪੜਤਾਲ ਦੌਰਾਨ ਬੱਚਾ ਪੁਲਿਸ ਜਾਂ ਬੋਰਡ ਦੇ ਸਾਹਮਣੇ ਪੇਸ਼ ਨਹੀਂ ਹੁੰਦਾ ਤਾਂ ਉਸਨੂੰ ਭਗੌੜਾ ਕਰਾਰ ਨਹੀਂ ਦਿੱਤਾ ਜਾ ਸਕਦਾ, ਉਸ ਨੂੰ ਕੇਵਲ ਗੁੰਮਸ਼ੁਦਾ ਕਿਹਾ ਜਾ ਸਕਦਾ ਹੈ। ਇਸ ਦੌਰਾਨ ਸ੍ਰੀਮਤੀ ਸੋਨਾਲੀ ਸਿੰਘ, ਪ੍ਰਿੰਸੀਪਲ ਮੈਜਿਸਟ੍ਰੇਟ, ਜੁਵੇਨਾਈਲ ਜਸਟਿਸ ਬੋਰਡ ਐਸ.ਏ.ਐਸ. ਨਗਰ ਨੇ ਪੜਤਾਲੀਆ ਅਫ਼ਸਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੈਸ਼ਲ ਜੁਵੇਨਾਈਲ ਪੁਲਿਸ ਅਧਿਕਾਰੀ ਬੱਚੇ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕਰਨ ਸਮੇਂ ਬੱਚੇ ਦੀ ਸੋਸ਼ਲ ਇੰਨਵੈਸਟੀਗੇਸ਼ਨ ਰਿਪੋਰਟ ਤਿਆਰ ਕਰਕੇ ਬੋਰਡ ਨੂੰ ਦੇਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਸਪੈਸ਼ਲ ਜੁਵੇਨਾਈਲ ਪੁਲਿਸ ਅਧਿਕਾਰੀਆਂ ਨੂੰ ਪੌਕਸੋ ਐਕਟ ਅਧੀਨ ਪੀੜਤ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਅੰਤਰਿਮ ਰਾਹਤ ਸਬੰਧੀ ਜਾਣਕਾਰੀ ਵੀ ਦਿੱਤੀ ਗਈ।