ਸੰਗਰੂਰ : ਸੰਗਰੂਰ ਦੇ ਸਰਕਾਰੀ ਰਣਬੀਰ ਕਾਲਜ ਦੇ ਮੈਦਾਨ `ਚ 8 ਅਕਤੂਬਰ ਤੋਂ ਚੱਲ ਰਹੇ ਖੇਤਰੀ ਸਰਸ ਮੇਲੇ `ਚ ਵੱਖ-ਵੱਖ ਸੂਬਿਆਂ ਤੋਂ ਆਏ ਕਲਾਕਾਰ ਆਪੋ-ਆਪਣੇ ਰਾਜਾਂ ਦੇ ਰਵਾਇਤੀ ਨਾਚ ਪੇਸ਼ ਕਰਕੇ ਲਗਾਤਾਰ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਰਹੇ ਹਨ। ਅੱਜ ਖੇਤਰੀ ਸਰਸ ਮੇਲੇ ਦੇ ਮੰਚ ਤੋਂ ਨਾਰਥ ਜ਼ੋਨ ਕਲਚਰਲ ਸੈਂਟਰ (ਐਨ.ਜ਼ੈਡ.ਸੀ.ਸੀ.) ਦੇ ਕਲਾਕਾਰਾਂ ਵੱਲੋਂ ਅਸਮ ਦਾ ਬੀਹੂ ਭੋਰਤਲ, ਓਡੀਸ਼ਾ ਦਾ ਗੋਟੀਪੂਆ ਅਤੇ ਕਸ਼ਮੀਰ ਦਾ ਰਵਾਇਤੀ ਨਾਚ ਰਾੳਫ਼ ਪੇਸ਼ ਕੀਤਾ ਗਿਆ ਅਤੇ ਰਵਾਇਤੀ ਸੰਗੀਤ ਦੀਆਂ ਧੁੰਨਾਂ ਨੇ ਮੇਲਾ ਵੇਖਣ ਆਏ ਲੋਕਾਂ ਨੂੰ ਆਪਣੇ ਵੱਲ ਖਿੱਚ ਲਿਆ। ਇਸਦੇ ਨਾਲ ਹੀ ਸਰਸ ਮੇਲੇ `ਚ ਨਕਲੀਏ, ਹਰਿਆਣੇ ਦੇ ਕਲਾਕਾਰਾਂ ਵੱਲੋਂ ਬਜਾਇਆ ਨਗਾੜਾ ਅਤੇ ਪੰਜਾਬੀਆਂ ਦੀ ਲੋਕ ਕਲਾ ਨਚਾਰ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ। ਇਸ ਮੌਕੇ ਮੇਲਾ ਵੇਖਣ ਆਏ ਲੋਕਾਂ ਵੱਲੋਂ 9 ਸਾਲ ਬਾਅਦ ਸੰਗਰੂਰ ਵਿਖੇ ਖੇਤਰੀ ਸਰਸ ਮੇਲਾ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਗਈ। ਮੇਲਾ ਵੇਖਣ ਆਏ ਮੇਜਰ ਸਿੰਘ ਮੱਟਰਾਂ ਨੇ ਕਿਹਾ ਕਿ ਅੱਜਕਲ ਲੋਕ ਆਪਣਾ ਪੁਰਾਣਾ ਵਿਰਸਾ ਭੁੱਲਦੇ ਜਾ ਰਹੇ ਹਨ ਅਤੇ ਅਜਿਹੇ ਮੇਲੇ ਲੋਕਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਨਿਯਮਤ ਤੌਰ `ਤੇ ਲਾਏ ਜਾਣੇ ਜ਼ਰੂਰੀ ਹਨ। ਇੰਸਪੈਕਟਰ ਰਾਜਿੰਦਰ ਸਿੰਘ ਸੱਗੂ ਨੇ ਕਿਹਾ ਕਿ ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਸੰਗਰੂਰ ਵਿਖੇ ਲੱਗੇ ਇਸ ਮੇਲੇ `ਚ ਪੰਜਾਬੀ ਸੱਭਿਆਚਾਰ ਦੇ ਨਾਲ-ਨਾਲ ਦੂਜੇ ਰਾਜਾਂ ਦੀਆਂ ਲੋਕ ਕਲਾਵਾਂ ਤੇ ਰਵਾਇਤੀ ਨਾਚ ਵੇਖਣ ਲਈ ਉਪਲਬਧ ਹਨ।ਇਸ ਮੌਕੇ ਇੱਕ ਹੋਰ ਦਰਸ਼ਕ ਅਮ੍ਰਿਤਪਾਲ ਕੌਰ ਮੱਟਰਾਂ ਅਤੇ ਅਰਮਾਨਪ੍ਰੀਤ ਕੌਰ ਨੇ ਦੱਸਿਆ ਕਿ ਸਰਸ ਮੇਲਾ ਮਨੋਰੰਜਨ ਦਾ ਇੱਕ ਵਧੀਆ ਸਾਧਨ ਸਾਬਤ ਹੋਇਆ ਹੈ ਕਿਉਂਕਿ ਇੱਥੇ ਮਨੋਰੰਜਨ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਰਵਾਇਤੀ ਖਾਣੇ ਅਤੇ ਕਾਰੀਗਰਾਂ ਤੇ ਦਸਤਕਾਰਾਂ ਵੱਲੋਂ ਆਪਣੇ ਹੱਥੀਂ ਬਣਾਈਆਂ ਗਈਆਂ ਬਹੁਤ ਵਧੀਆ ਵਸਤੂਆਂ ਖਰੀਦਣ ਲਈ ਉਪਲਬਧ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਥੇ ਆ ਕੇ ਬਹੁਤ ਚੰਗਾ ਲੱਗਿਆ ਕਿਉਂਕਿ ਆਮ ਘਰਾਂ `ਚੋਂ ਲਗਭਗ ਅਲੋਪ ਹੋ ਚੁੱਕੀਆਂ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਚੀਜ਼ਾਂ ਜਿਵੇਂ ਦਰੀਆਂ, ਪੱਖੀਆਂ ਆਦਿ ਵੀ ਇੱਥੇ ਸੈਲਫ਼ ਹੈਲਪ ਗਰੁੱਪਾਂ ਵੱਲੋਂ ਵਿਕਰੀ ਲਈ ਰੱਖੀਆਂ ਗਈਆਂ ਹਨ।ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਅਤੇ ਰੰਗਾਂ ਦੇ ਨਾਲ-ਨਾਲ ਰਵਾਇਤੀ ਖਾਣਿਆਂ ਦਾ ਆਨੰਦ ਮਾਣਨ ਲਈ ਸੰਗਰੂਰ ਵਿਖੇ ਚੱਲ ਰਹੇ ਖੇਤਰੀ ਸਰਸ ਮੇਲੇ `ਚ ਜ਼ਰੂਰ ਪਹੁੰਚਣ। ਉਨ੍ਹਾਂ ਕਿਹਾ ਕਿ ਰਵਾਇਤੀ ਲੋਕ ਨਾਚਾਂ ਤੇ ਕਲਾਵਾਂ ਦੇ ਨਾਲ-ਨਾਲ ਇਸ ਮੇਲੇ `ਚ ਲਗਭਗ ਹਰ ਸ਼ਾਮ ਪੰਜਾਬ ਦੇ ਨਾਮਵਰ ਗਾਇਕ ਆਪਣੀ ਕਲਾ ਦਾ ਜਾਦੂ ਬਿਖੇਰਨ ਵੀ ਪਹੁੰਚਦੇ ਹਨ।