ਸਪੀਕਰ ਸੰਧਵਾਂ ਨੇ ਪਿੰਡ ਨੰਗਲ ਵਿਖੇ 14 ਲਾਭਪਾਤਰੀਆਂ ਨੂੰ ਪਲਾਟ ਅਲਾਟ ਕੀਤੇ

ਕੋਟਕਪੂਰਾ 19 ਫ਼ਰਵਰੀ : ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਨੰਗਲ ਵਿਖੇ 14 ਲਾਭਪਾਤਰੀਆਂ ਨੂੰ ਪੰਜਾਬ ਵਿਲੇਜ਼ ਕਾਮਨ ਲੈਂਡਜ (ਰੈਗੂਲੇਸ਼ਨ ) ਐਕਟ ਤਹਿਤ ਪਲਾਟ ਅਲਾਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜਿਸ ਲਾਭਪਾਤਰੀ ਨੂੰ ਪਲਾਟ ਅਲਾਟ ਕੀਤਾ ਗਿਆ ਹੈ ਉਸ ਨੂੰ ਤਿੰਨ ਸਾਲ ਦੇ ਅੰਦਰ ਅੰਦਰ ਮਕਾਨ ਦੀ ਉਸਾਰੀ ਕਰਨੀ ਹੋਵੇਗੀ। ਜੇਕਰ ਅਲਾਟਮੈਂਟ ਦੀ ਮਿਤੀ ਤੋਂ ਤਿੰਨ ਸਾਲ ਦੇ ਅੰਦਰ ਅੰਦਰ ਉਹ ਮਕਾਨ ਦੀ ਉਸਾਰੀ ਨਹੀਂ ਕਰਦਾ ਤਾਂ ਉਸ ਨੂੰ ਦਿੱਤਾ ਗਿਆ ਪਲਾਟ ਮੁੜ ਵਾਪਸ ਲੈ ਲਿਆ ਜਾਵੇਗਾ। ਸ. ਸੰਧਵਾਂ ਨੇ ਕਿਹਾ ਕਿ ਜਿਸ ਲਾਭਪਾਤਰੀ ਨੂੰ ਇਸ ਸਕੀਮ ਅਧੀਨ ਪਲਾਟ ਦਿੱਤਾ ਗਿਆ ਹੈ, ਉਹ ਉਸ ਪਲਾਟ ਨੂੰ ਅੱਗੇ ਵੇਚ ਜਾਂ ਬਦਲ ਨਹੀਂ ਸਕੇਗਾ ਅਤੇ ਨਾਂ ਹੀ ਅੱਗੇ ਕਿਸੇ ਨੂੰ ਗਹਿਣੇ ਆਦਿ ਤੇ ਦੇਵੇਗਾ। ਪਰੰਤੂ ਮਕਾਨ ਉਸਾਰੀ ਦੇ ਲਈ ਕਰਜਾ ਲੈਣ ਲਈ ਉਸ ਨੂੰ ਇਹ ਪਲਾਟ ਗਹਿਣੇ ਕਰਨ ਦੀ ਇਜਾਜ਼ਤ ਹੋਵੇਗੀ।