ਕੋਟਕਪੂਰਾ 6 ਜੂਨ : ਸ਼ਹਿਰਾਂ ਦੇ ਵਿਕਾਸ ਦੇ ਨਾਲ-ਨਾਲ ਪੇਂਡੂ ਖੇਤਰਾਂ ਦਾ ਵੀ ਬਹੁਪੱਖੀ ਵਿਕਾਸ ਕੀਤਾ ਜਾਵੇਗਾ ਅਤੇ ਇਨ੍ਹਾਂ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵਲੋਂ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਵਾੜਾ ਦਰਾਕਾ ਵਿਖੇ ਗਲੀਆਂ ਵਿੱਚ ਇੰਟਰਲਾਕਿੰਗ ਟਾਇਲਾਂ ਲਗਵਾਉਣ ਦੇ ਕੰਮ ਦਾ ਉਦਘਾਟਨ ਕਰਨ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਵਲੋਂ ਜਿਥੇ ਲੋਕਾਂ ਨੂੰ ਵਧੀਆ ਸਿਹਤ, ਸਿੱਖਿਆ ਮੁਹੱਈਆ ਕਰਾਉਣ ਲਈ ਵੱਡੀ ਪੱਧਰ ਤੇ ਕਾਰਜ ਕੀਤੇ ਜਾ ਰਹੇ ਹਨ ਉਥੇ ਹੀ ਰਾਜ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਵੱਡੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾਣਗੇ ਅਤੇ ਸਰਕਾਰ ਵਲੋਂ ਵਿਕਾਸ ਕਾਰਜਾਂ ਲਈ ਗ੍ਰਾਂਟ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡ ਵਾੜਾ ਦਰਾਕਾ ਵਿਖੇ ਗਲੀਆਂ ਵਿੱਚ ਇੰਟਰਲੌਕ ਟਾਇਲ ਲਗਵਾਉਣ ਤੇ 05 ਲੱਖ 03 ਹਜ਼ਾਰ ਰੁਪਏ ਦੇ ਕਰੀਬ ਰਾਸ਼ੀ ਖਰਚ ਆਵੇਗੀ, ਜਿਸ ਨਾਲ ਪਿੰਡ ਵਾਸੀਆਂ ਨੂੰ ਵੀ ਆਵਾਜਾਈ ਲਈ ਵਧੀਆ ਸਹੂਲਤ ਮਿਲੇਗੀ।