ਸਰਕਾਰ ਵਲੋਂ 25 ਕਰੋੜ ਦੀ ਗ੍ਰਾਂਟ ਨਾਲ ਬਰਨਾਲਾ ਹਲਕੇ ਦੀਆਂ ਸੜਕਾਂ ਦੇ ਕੰਮ ਕੀਤੇ ਜਾਣਗੇ : ਮੀਤ ਹੇਅਰ

ਹੰਡਿਆਇਆ, 7 ਸਤੰਬਰ 2024 : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਬਰਨਾਲੇ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਦੇ ਫੰਡ ਪ੍ਰਵਾਨ ਕੀਤੇ ਗਏ ਹਨ, ਇਨ੍ਹਾਂ ਫੰਡਾਂ ਨਾਲ ਜਿੱਥੇ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਓਥੇ ਕਰੋੜਾਂ ਦੀ ਲਾਗਤ ਨਾਲ ਸੜਕਾਂ ਦੀ ਮੁਰੰਮਤ ਅਤੇ ਕਈ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਹੋ ਰਿਹਾ ਹੈ। ਇਹ ਪ੍ਰਗਟਾਵਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਬਰਨਾਲਾ ਅਤੇ ਹੰਡਿਆਇਆ ਵਿੱਚ ਸੜਕਾਂ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਅੱਜ ਧਨੌਲਾ ਖੁਰਦ ਰੋਡ ਅਤੇ ਖੁੱਡੀ ਰੋਡ, ਹੰਡਿਆਇਆ ਤੱਕ ਦੀਆਂ ਸੜਕਾਂ ਦੇ ਕਰੀਬ 97 ਲੱਖ ਦੀ ਲਾਗਤ ਵਾਲੇ ਨਵੀਨੀਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਡਾਕ ਘਰ ਤੋਂ ਬਠਿੰਡਾ ਰੋਡ 32.40 ਲੱਖ, ਡਾਕਘਰ ਤੋਂ ਗੁਰੂਦਆਰਾ ਨੌਵੀਂ ਪਾਤਸ਼ਾਹੀ ਮੇਨ 21.60 ਲੱਖ, ਟੈਂਪੂ ਸਟੈਂਡ ਤੋਂ ਧਨੌਲਾ ਖੁਰਦ 24 ਲੱਖ, ਡਾਕ ਘਰ ਤੋਂ ਵਾਈ ਐੱਸ ਸਕੂਲ ਰੋਡ 20 ਲੱਖ ਨਾਲ ਤੇ ਕੁੱਲ 97 ਲੱਖ ਨਾਲ ਚਾਰ ਸੜਕਾਂ ਦੇ ਨਵੀਨੀਕਰਨ ਦਾ ਕੰਮ ਹੋਵੇਗਾ। ਇਸ ਮਗਰੋਂ ਉਨ੍ਹਾਂ ਵਾਲਮੀਕਿ ਚੌਂਕ ਬਰਨਾਲਾ ਵਿਖੇ ਵਾਲਮੀਕਿ ਚੌਂਕ ਤੋਂ ਅਗਰਸੈਨ ਚੌਂਕ ਤੱਕ ਦੀ ਸੜਕ ਦੇ ਨਵੀਨੀਕਰਨ ਦੇ 24 ਲੱਖ ਦੀ ਲਾਗਤ ਵਾਲੇ ਕੰਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਕਰੀਬ 25 ਕਰੋੜ ਰੁਪਏ ਦੇ ਬਰਨਾਲਾ ਹਲਕੇ ਦੀਆਂ ਸੜਕਾਂ ਦੇ ਕੰਮ ਪ੍ਰਵਾਨ ਕੀਤੇ ਗਏ ਹਨ। ਇਨ੍ਹਾਂ ਵਿੱਚ ਸੜਕਾਂ ਦੀ ਮੁਰੰਮਤ ਕਰਨ ਅਤੇ ਸੜਕਾਂ ਨੂੰ ਚੌੜਾ ਕਰਨ ਦੇ ਕੰਮ ਸ਼ਾਮਲ ਹਨ। ਇਸ ਮਗਰੋਂ ਉਨ੍ਹਾਂ ਸੰਘੇੜਾ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇੜੇ ਸਟੇਡੀਅਮ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਥੋਂ ਦੇ ਲੋਕਾਂ ਦੀ ਬੜੇ ਲੰਮੇਂ ਸਮੇਂ ਤੋਂ ਸਟੇਡੀਅਮ ਦੀ ਮੰਗ ਸੀ, ਜਿਸ ਦਾ ਕੰਮ ਕਰੀਬ 70 ਲੱਖ ਦੀ ਲਾਗਤ ਨਾਲ ਕਰਵਾਇਆ ਜਾਵੇਗਾ। 

ਐੱਮਪੀ ਮੀਤ ਹੇਅਰ ਨੇ ਖੇਤੀ ਹਾਦਸੇ 'ਚ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 2 ਲੱਖ ਦਾ ਚੈੱਕ ਸੌਂਪਿਆ
ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਬਰਨਾਲਾ ਵਿਖੇ ਖੇਤੀ ਹਾਦਸੇ ਦੇ ਸ਼ਿਕਾਰ ਹੋਏ ਪਿੰਡ ਜੋਧਪੁਰ ਦੇ ਕਿਸਾਨ ਸਤਨਾਮ ਸਿੰਘ ਦੀ ਪਤਨੀ ਨੂੰ 2 ਲੱਖ ਰੁਪਏ ਦਾ ਚੈੱਕ ਸੌਂਪਿਆ। ਪਿੰਡ ਜੋਧਪੁਰ ਦੇ ਕਿਸਾਨ ਸਤਨਾਮ ਸਿੰਘ ਦੀ ਆਪਣੇ ਖੇਤ ਵਿੱਚ ਸਟਾਰਟਰ ਵਿੱਚ ਕਰੰਟ ਆਉਣ ਨਾਲ ਮੌਤ ਹੋ ਗਈ ਸੀ। ਅੱਜ ਸਤਨਾਮ ਸਿੰਘ ਦੀ ਪਤਨੀ ਗੁਰਮੀਤ ਕੌਰ ਅਤੇ ਪੁੱਤਰ ਹਰਜੋਤ ਸਿੰਘ ਨੂੰ  ਐੱਮ ਪੀ ਮੀਤ ਹੇਅਰ ਨੇ 2 ਲੱਖ ਰੁਪਏ ਦਾ ਚੈੱਕ ਸੌਂਪਿਆ। ਇਸ ਮੌਕੇ ਮਾਰਕੀਟ ਕਮੇਟੀ ਬਰਨਾਲਾ ਦੇ ਸਕੱਤਰ ਕੁਲਵਿੰਦਰ ਸਿੰਘ ਭੁੱਲਰ ਵੀ ਹਾਜ਼ਰ ਸਨ।