- ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
- ਪੁਲਿਸ ਟੀਮਾਂ ਨੇ 3.5 ਲੱਖ ਰੁਪਏ ਦੀ ਡਰੱਗ ਮਨੀ, 197.13 ਗ੍ਰਾਮ ਹੈਰੋਇਨ, 14 ਕਿਲੋ ਭੁੱਕੀ, 225 ਲੀਟਰ ਨਜਾਇਜ਼ ਸ਼ਰਾਬ ਅਤੇ ਅੱਠ ਮੋਬਾਈਲ ਫ਼ੋਨ ਕੀਤੇ ਬਰਾਮਦ
- ਅਜਿਹੇ ਅਭਿਆਨ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਸੂਬੇ ਵਿੱਚੋਂ ਨਸ਼ਿਆਂ ਦਾ ਮੁਕੰਮਲ ਤੌਰ ’ਤੇ ਖਾਤਮਾ ਨਹੀਂ ਹੋ ਜਾਂਦਾ:
- ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ
ਚੰਡੀਗੜ੍ਹ, 24 ਜੁਲਾਈ : ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਬਠਿੰਡਾ ਰੇਂਜ ਵਿੱਚ ਇੱਕ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (ਕਾਸੋ) ਚਲਾਇਆ। ਨਸ਼ਾ ਤਸਕਰੀ, ਸਮਾਜ ਵਿਰੋਧੀ ਤੱਤਾਂ ਅਤੇ ਅਪਰਾਧੀਆਂ ਨੂੰ ਠੱਲ੍ਹ ਪਾਉਣ ’ਤੇ ਕੇਂਦਰਿਤ ਇਹ ਅਭਿਆਨ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਚਲਾਇਆ ਗਿਆ। ਉਕਤ ਅਭਿਆਨ ਬਠਿੰਡਾ ਰੇਂਜ ਦੇ ਦੋਵੇਂ ਪੁਲਿਸ ਜ਼ਿਲਿ੍ਹਆਂ ਬਠਿੰਡਾ ਅਤੇ ਮਾਨਸਾ ਵਿੱਚ ਇੱਕੋ ਸਮੇਂ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਚਲਾਇਆ ਗਿਆ ਅਤੇ ਐਸ.ਐਸ.ਪੀਜ਼. ਨੂੰ ਭਾਰੀ ਪੁਲਿਸ ਫੋਰਸ ਦੀ ਤੈਨਾਤੀ ਵਿਚ, ਇਸ ਆਪ੍ਰੇਸ਼ਨ ਨੂੰ ਸੁਚੱਜੀ ਯੋਜਨਾਬੰਦੀ ਨਾਲ ਅੰਜਾਮ ਦੇਣ ਲਈ ਕਿਹਾ ਗਿਆ ਸੀ। ਇਹ ਕਾਰਵਾਈ ਏ.ਡੀ.ਜੀ.ਪੀ. ਬਠਿੰਡਾ ਰੇਂਜ ਐਸ.ਪੀ.ਐਸ. ਪਰਮਾਰ ਦੀ ਸਮੁੱਚੀ ਨਿਗਰਾਨੀ ਹੇਠ ਕੀਤੀ ਗਈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਪੈਸ਼ਲ ਡੀਜੀਪੀ (ਕਾਨੂੰਨ ਤੇ ਵਿਵਸਥਾ )ਅਰਪਿਤ ਸ਼ੁਕਲਾ ਨੇ ਕਿਹਾ ਕਿ ਪੁਲਿਸ ਟੀਮਾਂ ਨੇ ਆਪਰੇਸ਼ਨ ਦੌਰਾਨ 33 ਐਫਆਈਆਰ ਦਰਜ ਕਰਨ ਤੋਂ ਬਾਅਦ 41 ਸਮਾਜ ਵਿਰੋਧੀ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਕੋਲੋਂ 3.5 ਲੱਖ ਰੁਪਏ ਦੀ ਡਰੱਗ ਮਨੀ, 197.13 ਗ੍ਰਾਮ ਹੈਰੋਇਨ, 14 ਕਿਲੋ ਭੁੱਕੀ, 225 ਲੀਟਰ ਨਾਜਾਇਜ਼ ਸ਼ਰਾਬ ਅਤੇ ਅੱਠ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ। ਸਪੈਸ਼ਲ ਡੀਜੀਪੀ (ਕਾਨੂੰਨ ਤੇ ਵਿਵਸਥਾ )ਨੇ ਕਿਹਾ, “ਇਸ ਆਪ੍ਰੇਸ਼ਨ ਦਾ ਉਦੇਸ਼ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਅਤੇ ਫੀਲਡ ਵਿੱਚ ਪੁਲਿਸ ਫੋਰਸ ਦੀ ਮੌਜੂਦਗੀ ਨੂੰ ਵਧਾਕੇ ਗੈਰ-ਸਮਾਜਿਕ ਤੱਤਾਂ ਵਿੱਚ ਪੁਲਿਸ ਦਾ ਖ਼ੌਫ ਪੈਦਾ ਕਰਨਾ ਸੀ । ’’ ਉਹਨਾਂ ਕਿਹਾ ਕਿ ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਅਜਿਹੇ ਆਪ੍ਰੇਸ਼ਨ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹਿਣਗੇ। ਜ਼ਿਕਰਯੋਗ ਹੈ ਕਿ ਬਠਿੰਡਾ ਪੁਲਿਸ ਨੇ 15 ਐਫ.ਆਈ.ਆਰ. ਦਰਜ ਕਰਕੇ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਮਾਨਸਾ ਪੁਲਿਸ ਨੇ 18 ਐਫ.ਆਈ.ਆਰ. ਦਰਜ ਕਰਕੇ 21 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।