-ਪੁਲਿਸ ਵੱਲੋ ਆਪ੍ਰੇਸ਼ਨ ‘‘ਈਗਲ’’ਤਹਿਤ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ਤੇ ਕੀਤੀ ਚੈਕਿੰਗ, ਕੀਤੀ ਨਾਕਾਬੰਦੀ
-ਸਮਾਜ ਵਿਰੋਧੀ ਅਨਸਰਾਂ ਖਿਲਾਫ ਪੁਲਿਸ ਕਰ ਰਹੀ ਹੈ ਪੂਰੀ ਚੌਕਸੀ ਨਾਲ ਕੰਮ: ਏਡੀਜੀਪੀ ਜੈਨ
ਬਠਿੰਡਾ 23 ਦਸੰਬਰ (ਅਨਿਲ ਵਰਮਾ) : ਪੰਜਾਬ ਵਿੱਚ ਦਿਨ ਬਾ ਦਿਨ ਵਿਗੜ ਰਹੇ ਹਾਲਾਤ ਕਰਕੇ ਲੋਕਾਂ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਪ੍ਰਤੀ ਨਰਾਜ਼ਗੀ ਪਾਈ ਜਾ ਰਹੀ ਹੈ । ਸ਼ਹਿਰ ਬਠਿੰਡਾ ਵਿੱਚ ਵੀ ਨਿੱਤ ਦਿਨ ਦਿਹਾੜੇ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਸ਼ਹਿਰ ਬਠਿੰਡਾ ਵਿੱਚ ਹਾਲਾਤ ਇਹ ਹਨ ਕਿ ਪਿਛਲੇ ਤਿੰਨ ਦਿਨਾਂ ਵਿੱਚ 5 ਘਟਨਾਵਾਂ ਲੁੱਟ-ਖੋਹ ਦੀਆਂ ਵਾਪਰ ਚੁੱਕੀਆਂ ਹਨ ਅਤੇ ਪੁਲਿਸ ਉਨ੍ਹਾਂ ਘਟਨਾਵਾਂ ਨੂੰ ਵਿੱਚ ਸ਼ਾਮਲ ਦੋਸ਼ੀਆਂ ਨੂੰ ਟਰੇਸ ਵੀ ਨਹੀਂ ਕਰ ਸਕੀ। ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤੇ ਅੱਜ ਜ਼ਿਲ੍ਹਾ ਪੁਲੀਸ ਮੁਖੀ ਐਸ ਐਸ ਪੀ ਜੇ ਇਲਨਚੇਲੀਅਨ ਬਠਿੰਡਾ ਦੀਆਂ ਹਦਾਇਤਾਂ ਤੇ ਪੁਲਿਸ ਵੱਲੋਂ ਅੱਜ ਚੌਕਸੀ ਵਧਾਉਂਦੇ ਹੋਏ ਆਪ੍ਰੇਸ਼ਨ ‘‘ਈਗਲ’’ ਤਹਿਤ ਸਰਵਜਨਕ ਥਾਵਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਹੈ । ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ਵਿੱਚ ਵੱਖ ਵੱਖ ਟੀਮਾਂ ਵੱਲੋਂ ਬੱਸ ਸਟੈਂਡ ਸਮੇਤ ਬਾਜ਼ਾਰਾਂ ਅਤੇ ਰੇਲਵੇ ਪੁਲਿਸ ਫੋਰਸ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਤੇ ਆਉਣ ਜਾਣ ਵਾਲੀਆਂ ਰੇਲ ਗੱਡੀਆਂ, ਬੱਸਾਂ ਅਤੇ ਯਾਤਰੀਆਂ ਦੀ ਚੈਕਿੰਗ ਕੀਤੀ ਗਈ ਤਾਂ ਜੋ ਸ਼ਰਾਰਤੀ ਅਨਸਰਾਂ ਖਿਲਾਫ਼ ਚੌਕਸੀ ਨਾਲ ਕੰਮ ਹੋ ਸਕੇ। ਇਸ ਮੌਕੇ ਏਡੀਜੀਪੀ ਜਤਿੰਦਰ ਕੁਮਾਰ ਜੈਨ ਵਿਸ਼ੇਸ਼ ਤੌਰ ਤੇ ਬੱਸ ਸਟੈਡ ਪਹੁੰਚੇ ਉਹਨਾਂ ਦੀ ਮੌਜੂਦਗੀ ਵਿੱਚ ਪੁਲਿਸ ਟੀਮਾਂ ਵੱਲੋ ਬੱਸ ਸਟੇਡ ਅਤੇ ਰੇਲਵੇ ਸਟੇਸ਼ਨ ਦੀ ਚੱਪੇ ਚੱਪੇ ਦੀ ਚੈਕਿੰਗ ਕੀਤੀ ਗਈ ਅਤੇ ਯਾਤਰੀਆਂ ਦਾ ਸਮਾਨ ਖੰਗਾਲਿਆਂ ਗਿਆ ਇਸ ਮੌਕੇ ਏਡੀਜੀਪੀ ਜੈਨ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਖਿਲਾਫ ਪੁਲਿਸ ਚੌਕਸੀ ਨਾਲ ਕੰਮ ਕਰ ਰਹੀ ਹੈ ਅਤੇ ਕਿਸੇ ਨੂੰ ਵੀ ਅਮਨ ਕਾਨੂੰਨ ਦੀ ਸਥਿਤੀ ਭੰਗ ਕਰਨ ਦੀ ਇਜ਼ਾਜਤ ਨਹੀਂ ਹੋਵੇਗੀ। ਇਸ ਮੌਕੇ ਜਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਜ਼ਿਲ੍ਹਾ ਬਠਿੰਡਾ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਵਿੱਚ ਵੀ ਚੌਕਸੀ ਵਧਾਈ ਗਈ ਹੈ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸ਼ਹਿਰ ਦੇ ਵੱਖ ਵੱਖ ਆਉਣ ਜਾਣ ਵਾਲੇ ਰਸਤਿਆਂ ਤੇ ਵੀ ਪੁਲਿਸ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਜਿਲ੍ਹਾ ਪੁਲਿਸ ਮੁਖੀ ਨੇ ਪਬਲਿਕ ਨੂੰ ਅਪੀਲ ਕੀਤੀ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਦੀ ਪਹਿਚਾਣ ਹੋਣ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਕਾਇਮ ਰਹਿ ਸਕੇ । ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਵੀ ਸਖਤੀ ਵਰਤੀ ਜਾ ਰਹੀ ਹੈ ਅਤੇ ਰਾਤ ਦੀ ਗਸ਼ਤ ਵੀ ਵਧਾਈ ਗਈ ਹੈ।