ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ 91 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਔਰਤ ਸਮੇਤ ਤਿੰਨ ਗ੍ਰਿਫਤਾਰ

ਮੋਗਾ, 29 ਜੁਲਾਈ 2024 : ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਇੱਕ ਸਹਾਇਕ ਮੈਨੇਜਰ ਨਾਲ ਕਥਿਤ ਮਿਲੀਭੁਗਤ ਕਰਕੇ ਉਨ੍ਹਾਂ ਨੂੰ ਵਿਦੇਸ਼ ਜਾਣ ਲਈ ਫੰਡ ਸ਼ੋਅ ਕਰਵਾਉਣ ਦਾ ਝਾਂਸਾ ਦੇ ਕੇ 91 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਜਾਂਚ ਤੋਂ ਬਾਅਦ ਕਥਿਤ ਦੋਸ਼ੀਆਂ ਮਾਨਵ ਬਾਂਸਲ, ਸ਼ਿਫੂ ਗੋਇਲ ਅਤੇ ਉਸ ਦੀ ਪਤਨੀ ਰੀਨਾ ਗੋਇਲ ਵਾਸੀ ਐਪੈਕਸ ਕਾਲੋਨੀ ਮੋਗਾ ਅਤੇ ਨਿਧੀ ਸਿਡਾਨਾ ਵਾਸੀ ਧਰਮਕੋਟ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਟਿਡ ਦੇ ਸਹਾਇਕ ਮੈਨੇਜਰ ਸ਼ਿਫੂ ਗੋਇਲ ਅਤੇ ਉਸ ਦੀ ਪਤਨੀ ਰੀਨਾ ਗੋਇਲ ਤੋਂ ਇਲਾਵਾ ਮਾਨਵਾ ਬਾਂਸਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦਕਿ ਨਿਧੀ ਸਿਡਾਨਾ ਦੀ ਗ੍ਰਿਫਤਾਰੀ ਬਾਕੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ-1 ਦੇ ਏਐਸਆਈ ਜਸਵੰਤ ਰਾਏ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਗੌਰਵ ਕੁਮਾਰ ਵਾਸੀ ਹਰੀਜਨ ਕਾਲੋਨੀ ਮੋਗਾ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੇ ਕਈ ਇਮੀਗ੍ਰੇਸ਼ਨ ਦਫਤਰ ਹਨ, ਜੋ ਕਿ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇਣ ਤੋਂ ਇਲਾਵਾ ਫੰਡ ਸ਼ੋਅ ਕਰਨ ਦਾ ਕੰਮ ਵੀ ਕਰਦੇ ਹਨ। ਉਹ ਉਕਤ ਚੈੱਕ ਬੁੱਕ ਦੇ ਅਗਲੇ ਅਤੇ ਪਿਛਲੇ ਪਾਸੇ ਖਾਤਾ ਖੋਲ੍ਹਣ ਵਾਲੇ ਵਿਅਕਤੀ ਦੇ ਦਸਤਖਤ ਕਰਵਾ ਲੈਂਦਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਮੈਂ ਆਪਣੀ ਚੈੱਕ ਬੁੱਕ ਮੰਗੀ ਤਾਂ ਉਨ੍ਹਾਂ ਨੇ ਮੈਨੂੰ ਚੈੱਕ ਬੁੱਕ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਦੱਸਿਆ ਕਿ ਮੇਰੇ ਬੈਂਕ ਖਾਤੇ ਵਿੱਚ 14 ਲੱਖ ਰੁਪਏ ਦਾ ਲੈਣ-ਦੇਣ ਹੋਇਆ ਸੀ, ਪਰ ਉਨ੍ਹਾਂ ਨੇ ਮੇਰੇ ਕੋਲੋਂ ਪੁੱਛੇ ਬਿਨਾਂ ਉਕਤ ਪੈਸੇ ਕਢਵਾ ਲਏ।ਇਸੇ ਤਰ੍ਹਾਂ ਗੁਰਦੀਪ ਸਿੰਘ ਆਹਲੂਵਾਲੀਆ ਅਤੇ ਹਰਵਿੰਦਰ ਕੌਰ ਨੈ ਦੱਸਿਆ ਕਿ ਕੈਨੇਡਾ ਭੇਜਣ ਦੇ ਬਹਾਨੇ ਮੈਨੂੰ ਦੱਸੇ ਬਿਨਾਂ 18 ਅਪ੍ਰੈਲ 2024 ਨੂੰ ਮੇਰੇ ਖਾਤੇ ਵਿੱਚੋਂ 14 ਲੱਖ ਰੁਪਏ ਕਢਵਾ ਲਏ ਗਏ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਵੱਖ-ਵੱਖ ਵਿਅਕਤੀਆਂ ਦੇ ਖਾਤਿਆਂ 'ਚ ਪੈਸੇ ਜਮ੍ਹਾ ਕਰਵਾ ਕੇ ਕਢਵਾ ਲੈਂਦੇ ਸਨ। ਇਸ ਤਰ੍ਹਾਂ ਉਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਕਈ ਭੋਲੇ-ਭਾਲੇ ਲੋਕਾਂ ਦੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਅਤੇ ਕਈ ਲੋਕਾਂ ਨਾਲ ਠੱਗੀ ਮਾਰੀ। ਜ਼ਿਲ੍ਹਾ ਪੁਲਿਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਅਧਿਕਾਰੀ ਨੇ ਜਾਂਚ ਦੌਰਾਨ ਕੁਝ ਹੋਰ ਸ਼ਿਕਾਇਤਕਰਤਾਵਾਂ ਦੇ ਬਿਆਨ ਦਰਜ ਕੀਤੇ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਕਤ ਸਾਰੇ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰਕੇ ਵੱਖ-ਵੱਖ ਲੋਕਾਂ ਦੇ ਬੈਂਕ ਖਾਤਿਆਂ ਨੂੰ ਕੈਪੀਟਲ ਫਾਈਨਾਂਸ ਬੈਂਕ ਜੀ.ਟੀ. ਮੋਗਾ ਵਿੱਚ ਖੋਲ੍ਹਦੇ। ਵੱਖ-ਵੱਖ ਸ਼ਿਕਾਇਤਕਰਤਾਵਾਂ ਦੇ ਦੋਸ਼ ਸਹੀ ਪਾਏ ਜਾਣ 'ਤੇ ਕਥਿਤ ਦੋਸ਼ੀਆਂ ਖਿਲਾਫ ਥਾਣਾ ਸਿਟੀ ਮੋਗਾ ਵਿਖੇ ਧੋਖਾਧੜੀ, ਜਾਅਲੀ ਦਸਤਾਵੇਜ਼ ਤਿਆਰ ਕਰਨ ਅਤੇ ਮਿਲੀਭੁਗਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਏਐਸਆਈ ਜਸਵੰਤ ਰਾਏ ਨੇ ਦੱਸਿਆ ਕਿ ਉਕਤ ਮਾਮਲੇ 'ਚ ਕਾਬੂ ਕੀਤੇ ਕਥਿਤ ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੇਕਰ ਕੋਈ ਹੋਰ ਸ਼ਿਕਾਇਤਕਰਤਾ ਸਾਹਮਣੇ ਆਇਆ ਤਾਂ ਉਸ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਕਤ ਧੋਖਾਧੜੀ ਦੇ ਮਾਮਲੇ ਵਿੱਚ ਕਿਸੇ ਹੋਰ ਵਿਅਕਤੀ ਦਾ ਨਾਮ ਸਾਹਮਣੇ ਆਉਂਦਾ ਹੈ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਹੋਰ ਕਥਿਤ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।