ਫ਼ਰੀਦਕੋਟ 12 ਜੂਨ : ਫਰੀਦਕੋਟ ਵਿਖੇ ਪੁਸਤਕ ਰਿਲੀਜ਼ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਦੇ ਉੱਭਰਦੇ ਕਵੀ ਜਗਦੇਵ ਸਿੰਘ ਪੱਕਾ ਦਾ ਪਲੇਠਾ ਕਾਵਿ ਸੰਗ੍ਰਹਿ “ਪੈਂਤੀ ਵਲਵਲੇ” ਲੋਕ ਅਰਪਣ ਕੀਤਾ ਗਿਆ। ਇਸ ਪੁਸਤਕ ਦੇ ਪ੍ਰਕਾਸ਼ਨ ਦਾ ਕੰਮ ਓਏਸੀਜ਼ ਪਬਲੀਕੇਸ਼ਨਜ਼, ਪਟਿਆਲਾ ਵੱਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ 'ਤੇ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕੇ ਇਕ ਛੋਟੇ ਜਿਹੇ ਪਿੰਡ ਪੱਕਾ ਕਲਾਂ ਵਿੱਚੋਂ ਜਗਦੇਵ ਸਿੰਘ ਪੱਕਾ ਜਹੀ ਸਕਾਰਾਤਮਕ ਸੋਚ ਦਾ ਉੱਭਰਨਾ ਇਲਾਕੇ ਲਈ ਮਾਣ ਵਾਲੀ ਗੱਲ ਹੈ ਅਤੇ ਜਗਦੇਵ ਸਿੰਘ ਦੀ ਕਵਿਤਾ ਵਿਚ ਸਮਾਜਿਕ ਅਤੇ ਚਲੰਤ ਮਸਲਿਆਂ ਦਾ ਬਿਆਨ ਬੜੇ ਸੁਚੱਜੇ ਤਰੀਕੇ ਨਾਲ ਕੀਤਾ ਗਿਆ ਹੈ ਅਤੇ ਕਿਤਾਬ ਵਿਚਲੀਆਂ ਕਵਿਤਾਵਾਂ ਵਿਚ ਧਾਰਮਿਕ ਸਮਾਜਿਕ-ਰਾਜਨੀਤਿਕ ਆਰਥਿਕ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਉੱਤੇ ਕਟਾਖਸ਼ ਕੀਤਾ ਗਿਆ ਹੈ। ਵਿਧਾਇਕ ਸੇਖੋਂ ਨੇ ਕਿਹਾ ਕਿ ਭਵਿੱਖ ਲਈ ਮੇਰੀ ਦੁਆ ਹੈ ਕਿ ਕਵੀ ਪੰਜਾਬੀ ਸਾਹਿਤ ਵਿਚ ਵੱਡਾ ਨਾਮ ਬਣਕੇ ਉੱਭਰੇ। ਇਸ ਮੌਕੇ ਤੇ ਕਵੀ ਜਗਦੇਵ ਸਿੰਘ ਪੱਕਾ ਨੇ ਦੱਸਿਆ ਕਿ ਉਨ੍ਹਾਂ ਦੀ ਕਿਤਾਬ ਪੈਂਤੀ ਵਲਵਲੇ ਬਚਪਨ ਤੋਂ ਹੀ ਸਾਹਿਤ ਪੜ੍ਹਨ ਦੇ ਸ਼ੌਂਕ ਅਤੇ ਉਨ੍ਹਾਂ ਦੀ ਛੇ ਸਾਲਾਂ ਦੀ ਮਿਹਨਤ ਦਾ ਨਤੀਜਾ ਹੈ।