ਹੋਲਾ ਮੁਹੱਲਾ ਲਈ ਜਾ ਰਹੀ ਸ਼ਰਧਾਲੂਆਂ ਦੀ ਟਰਾਲੀ ਨੇ ਦੋ ਲੜਕੀਆਂ ਨੂੰ ਕੁਚਲਿਆ, ਇੱਕ ਦੀ ਮੌਤ

ਜਗਰਾੳਂ, 23 ਮਾਰਚ : ਹੋਲਾ ਮੁਹੱਲਾ ਵਿਖੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਸ਼ਰਧਾਲੂਆਂ ਦੀ ਟਰਾਲੀ ਨੇ ਪਿੰਡ ਸਿੱਧਵਾਂ ਬੇਟ ਦੇ ਵਿਖੇ ਦੋ ਲੜਕੀਆਂ ਨੂੰ ਦਰੜ ਦਿੱਤਾ। ਇਸ ਹਾਦਸੇ ਦੌਰਾਨ ਇਕ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸੇ ਹਾਦਸੇ ਤੋਂ ਬਾਅਦ ਟਰਾਲੀ ਵੀ ਪਲਟ ਗਈ। ਇਸ ਦੌਰਾਨ ਟਰਾਲੀ ਵਿੱਚ ਸਵਾਰ ਸਾਰੇ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ। ਮ੍ਰਿਤਕਾ ਦੀ ਪਛਾਣ ਪਲਕ (10) ਵਜੋਂ ਹੋਈ ਹੈ। ਜ਼ਖਮੀ ਲੜਕੀ ਦੀ ਪਛਾਣ ਅਰਸ਼ਦੀਪ ਕੌਰ (11) ਵਾਸੀ ਪਿੰਡ ਖੁਰਸ਼ੀਦ ਪੁਰ ਵਜੋਂ ਹੋਈ ਹੈ। ਜਿਸ ਨੂੰ ਲੋਕਾਂ ਦੀ ਮਦਦ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਲੜਕੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ। ਮੌਕੇ ’ਤੇ ਪੁੱਜੀ ਪੁਲਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ’ਚ ਲੈਣ ਦੇ ਨਾਲ-ਨਾਲ ਸੜਕ ’ਤੇ ਪਲਟੀ ਟਰਾਲੀ ਨੂੰ ਵੀ ਕਬਜ਼ੇ ’ਚ ਲੈ ਲਿਆ। ਥਾਣਾ ਸਿੱਧਵਾ ਬੇਟ ਦੇ ਏ.ਐਸ.ਆਈ ਨਸੀਬ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਟਰਾਲੀ ਪਲਟਣ ਤੋਂ ਬਾਅਦ ਟਰਾਲੀ ਵਿੱਚ ਬੈਠਾ ਸਾਥੀ ਫਰਾਰ ਹੋ ਗਿਆ ਹੈ। ਪੁਲਿਸ ਟਰੈਕਟਰ ਟਰਾਲੀ ਦੇ ਡਰਾਈਵਰ ਸਮੇਤ ਮਾਲਕ ਦੀ ਭਾਲ ਕਰ ਰਹੀ ਹੈ।